ਐੱਸ. ਏ. ਐੱਸ. ਨਗਰ, 29 ਅਗਸਤ (ਪ੍ਰੋ. ਅਵਤਾਰ ਸਿੰਘ)-ਸਥਾਨਕ ਵਾ. ਨੰ. 6 ਦੇ ਵਸਨੀਕਾਂ ਨੂੰ ਖੇਡਾਂ ਨਾਲ ਜੋੜਨ ਅਤੇ ਨੌਜਵਾਨਾਂ ‘ਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਉਦੇਸ਼ ਤਹਿਤ ਪਹਿਲੀ ਵਾਰ ਸਥਾਨਕ ਫੇਜ਼-3ਏ ਦੇ ਫਰੀਡਮ ਫਾਈਟਰ ਪਾਰਕ ਵਿਖੇ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਪਹਿਲੇ ਦਿਨ ਵੱਡੀ ਗਿਣਤੀ ‘ਚ ਵਾਰਡ ਵਾਸੀਆਂ ਅਤੇ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਟੂਰਨਾਮੈਂਟ ਲਈ ਕੁੱਲ 63 ਖਿਡਾਰੀਆਂ ਵਲੋਂ ਐਂਟਰੀ ਕਰਵਾਈ ਗਈ ਸੀ। ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਵਾ. ਨੰ. 6 ਦੇ ਕੌਂਸਲਰ ਡਾ. ਸੰਨੀ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੌਰਾਨ ਅੰਡਰ-17 ਲੜਕੇ ਤੇ ਲੜਕੀਆਂ, ਪੁਰਸ਼ਾਂ ਤੇ ਮਹਿਲਾਵਾਂ ਦੇ ਵੱਖ-ਵੱਖ ਉਮਰ ਵਰਗਾਂ ਤੋਂ ਇਲਾਵਾ 35 ਸਾਲ ਤੋਂ ਵੱਧ ਉਮਰ ਦੇ ਪਤੀ-ਪਤਨੀ ਜੋੜਿਆਂ ਲਈ ਮਿਕਸਡ ਡਬਲਜ਼ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਸਾਰੇ ਮੁਕਾਬਲੇ ਡਬਲਜ਼ ਫਾਰਮੈਟ ‘ਚ ਖੇਡੇ ਜਾ ਰਹੇ ਹਨ। ਇਸ ਮੌਕੇ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਨਹੀਂ ਹਨ, ਸਗੋਂ ਇਹ ਨੌਜਵਾਨਾਂ ‘ਚ ਅਨੁਸ਼ਾਸਨ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਦਾ ਵੀ ਮਹੱਤਵਪੂਰਨ ਜ਼ਰੀਆ ਹਨ। ਉਨ੍ਹਾਂ ਕਿਹਾ ਕਿ ਵਾ. ਨੰ. 6 ਦੇ ਵਸਨੀਕਾਂ ਨੂੰ ਵਧੀਆ ਖੇਡ ਮਾਹੌਲ ਮੁਹੱਈਆ ਕਰਵਾਉਣ ਅਤੇ ਹਰ ਉਮਰ ਵਰਗ ਨੂੰ ਖੇਡਾਂ ਨਾਲ ਜੋੜਨ ਲਈ ਅਜਿਹੇ ਉਪਰਾਲੇ ਲਗਾਤਾਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਖੇਡ ਉਪਰਾਲੇ ਨੂੰ ਅੱਗੇ ਵਧਾਉਂਦਿਆਂ ਅਗਲੇ ਪੜਾਅ ‘ਚ ਬੈਡਮਿੰਟਨ ਟੂਰਨਾਮੈਂਟ ਨੂੰ ਪੂਰੇ ਮੁਹਾਲੀ ਪੱਧਰ ‘ਤੇ ਕਰਵਾਇਆ ਜਾਵੇਗਾ ਤਾਂ ਜੋ ਸ਼ਹਿਰ ਦੇ ਵੱਧ ਤੋਂ ਵੱਧ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਨਾਲ ਜੋੜਿਆ ਜਾ ਸਕੇ।