ਐੱਸ. ਏ. ਐੱਸ. ਨਗਰ, 7 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਹੈ ਕਿ ਐੱਸ. ਏ. ਐੱਸ. ਨਗਰ ਦਾ ਨੀਂਹ 1 ਨਵੰਬਰ 1975 ਨੂੰ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਵਲੋਂ ਫ਼ੇਜ਼-1 ਸਥਿਤ ਕਮਲਾ ਮਾਰਕੀਟ ਦੇ ਨੇੜੇ ਰੱਖੀ ਗਈ ਸੀ, ਪਰ ਸ਼ਹਿਰ ਦੀ ਸਥਾਪਨਾ ਨਾਲ ਜੁੜਿਆ ਇਤਿਹਾਸਕ ਨੀਂਹ ਪੱਥਰ ਆਪਣੇ ਅਸਲ ਸਥਾਨ ਤੋਂ ਕਥਿਤ ਤੌਰ ’ਤੇ ਗ਼ਾਇਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪ੍ਰਮੁੱਖ ਅਤੇ ਆਧੁਨਿਕ ਸ਼ਹਿਰਾਂ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵਾਲਾ ਐੱਸ. ਏ. ਐੱਸ. ਨਗਰ ਅੱਜ ਆਪਣੀ ਸਥਾਪਨਾ ਦੀ ਇਤਿਹਾਸਕ ਨਿਸ਼ਾਨੀ ਨੂੰ ਭੁੱਲਦਾ ਦਿੱਖ ਰਿਹਾ ਹੈ ਅਤੇ ਇਸ ਨਾਲ ਸ਼ਹਿਰ ਦੀ ਇਤਿਹਾਸਕ ਵਿਰਾਸਤ ਦੀ ਸੰਭਾਲ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਸ ਨੀਂਹ ਪੱਥਰ ਨਾਲ ਐੱਸ. ਏ. ਐੱਸ. ਨਗਰ ਦੇ ਇਤਿਹਾਸ ਦੀ ਸ਼ੁਰੂਆਤ ਜੁੜੀ ਹੋਈ ਹੈ, ਉਸ ਦੀ ਸੰਭਾਲ ਲਈ ਪ੍ਰਸ਼ਾਸਨ ਵਲੋਂ ਲੋੜੀਂਦੇ ਕਦਮ ਕਿਉਂ ਨਹੀਂ ਚੁੱਕੇ ਗਏ। ਉਨ੍ਹਾਂ ਨੇ ਲੰਬੇ ਸਮੇਂ ਤੋਂ ਐੱਸ. ਏ. ਐੱਸ. ਨਗਰ ਦੀ ਨੁਮਾਇੰਦਗੀ ਕਰਦੇ ਆ ਰਹੇ ਵਿਧਾਇਕਾਂ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ। ਉਨ੍ਹਾਂ ਇਸ ਸੰਬੰਧੀ ਪੰਜਾਬ ਸਰਕਾਰ, ਗਮਾਡਾ, ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੀਂਹ ਪੱਥਰ ਦੇ ਗ਼ਾਇਬ ਹੋਣ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਇਸ ਤੋਂ ਇਲਾਵਾ ਹਰ ਸਾਲ 1 ਨਵੰਬਰ ਨੂੰ ਅਧਿਕਾਰਤ ਤੌਰ ’ਤੇ ਐੱਸ. ਏ. ਐੱਸ. ਨਗਰ ਦਾ ਸਥਾਪਨਾ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ।