ਐੱਸ. ਏ. ਐੱਸ. ਨਗਰ, 29 ਅਗਸਤ (ਕਪਿਲ ਵਧਵਾ)-ਥਾਣਾ ਬਲੌਂਗੀ ਅਧੀਨ ਪੈਂਦੇ ਬੜਮਾਜਰਾ ਖੇਤਰ ‘ਚ ਅੱਜ ਸਵੇਰੇ ਵਾਪਰੇ ਦਰਦਨਾਕ ਹਾਦਸੇ ਵਿਚ ਟਰੈਕਟਰ ਦੀ ਲਪੇਟ ਵਿਚ ਆਉਣ ਕਾਰਨ 4 ਸਾਲਾ ਬੱਚੇ ਅਤੀਤ ਦੀ ਮੌਤ ਹੋ ਗਈ। ਹਾਦਸਾ ਸਵੇਰੇ ਕਰੀਬ 9.30 ਵਜੇ ਵਾਪਰਿਆ। ਪਰਿਵਾਰਕ ਮੈਂਬਰਾਂ ਮੁਤਾਬਿਕ ਅਤੀਤ ਘਰ ਤੋਂ ਖੇਡਣ ਲਈ ਬਾਹਰ ਨਿਕਲਿਆ ਸੀ ਅਤੇ ਇਸੇ ਦੌਰਾਨ ਉਹ ਸਾਹਮਣੇ ਤੋਂ ਆ ਰਹੇ ਟਰੈਕਟਰ ਦੀ ਲਪੇਟ ਵਿਚ ਆ ਗਿਆ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਫੇਜ਼-6 ਮੁਹਾਲੀ ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਮੁਤਾਬਿਕ ਬੱਚੇ ਦੇ ਸਰੀਰ ‘ ਤੇ ਕਈ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਸਰੀਰ ਦਾ ਵੱਡਾ ਹਿੱਸਾ ਬੁਰੀ ਤਰ੍ਹਾਂ ਕੁਚਲਿਆ ਗਿਆ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਬਲੌਂਗੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ, ਜਿਸ ਨੇ ਟਰੈਕਟਰ ਚਾਲਕ ਨੂੰ ਕਾਬੂ ਕਰਨ ਸਮੇਤ ਉਸ ਦੇ ਟਰੈਕਟਰ ਨੂੰ ਵੀ ਆਪਣੇ ਕਬਜ਼ੇ ‘ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਪਿੰਡ ਵਾਸੀਆਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਫ਼ਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੜਮਾਜਰਾ ਵਿਖੇ ਮਾਰਚ 2026 ਦੇ ਪਹਿਲੇ ਹਫ਼ਤੇ ਵਿਚ ਕਰੀਬ 10 ਸਾਲਾ ਬੱਚਾ, ਜੋ ਕਿ ਆਪਣੇ ਪਿਤਾ ਨਾਲ ਮੋਟਰਸਾਈਕਲ ‘ ਤੇ ਸਵਾਰ ਹੋ ਕੇ ਜਾ ਰਿਹਾ ਸੀ, ਦੀ ਸਵਰਾਜ ਟਰੈਕਟਰ ਦੀ ਟੱਕਰ ਲੱਗਣ ਕਾਰਨ ਮੌਤ ਹੋ ਗਈ ਸੀ। ਪੀੜਤ ਪਰਿਵਾਰ ਮੁਤਾਬਿਕ ਅਤੀਤ ਦੇ 4 ਹੋਰ ਭੈਣ-ਭਰਾ ਹਨ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਵਿਰਲਾਪ ਕਰ ਰਹੀ ਮਾਂ ਨੇ ਦੱਸਿਆ ਕਿ ਰੱਖੜੀ ਦੀਆਂ ਖੁਸ਼ੀਆਂ ਤੋਂ ਅਗਲੇ ਹੀ ਦਿਨ ਪਰਿਵਾਰ ਨੂੰ ਪੁੱਤਰ ਦੀ ਮੌਤ ਦਾ ਦੁੱਖ ਸਹਿਣਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਸਵੇਰੇ ਅਤੀਤ ਆਮ ਵਾਂਗ ਘਰੋਂ ਖੇਡਣ ਲਈ ਗਿਆ ਸੀ ਅਤੇ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਦੀ ਖ਼ਬਰ ਆ ਗਈ। ਪੁਲਿਸ ਵਲੋਂ ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਅਤੇ ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਵਲੋਂ ਹਾਦਸੇ ਵਿਚ ਟਰੈਕਟਰ ਚਾਲਕ ਦੀ ਲਾਪ੍ਰਵਾਹੀ ਸੰਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਹੈ ਅਤੇ ਰਿਪੋਰਟ ਮਿਲਣ ਉਪਰੰਤ ਅਗਲੇਰ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।