ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਨੌਜਵਾਨ ਦੀ ਲਾਸ਼ ਵਤਨ ਨਹੀਂ ਆ ਸਕੀ
ਅਜੀਤ ਡੈਸਕ
02-11-2025
ਡੇਰਾਬੱਸੀ, 1 ਨਵੰਬਰ (ਰਣਬੀਰ ਸਿੰਘ ਪੜ੍ਹੀ)-ਕੋਲੰਬੀਆ ਤੋਂ ਜੰਗਲਾਂ ਰਾਹੀਂ ਅਮਰੀਕਾ ਜਾਂਦੇ ਸਮੇਂ ਰਸਤੇ 'ਚ ਮਾਰੇ ਗਏ ਪਿੰਡ ਸਮਗੌਲੀ (ਡੇਰਾਬੱਸੀ) ਦੇ ਨੌਜਵਾਨ ਹਰਦੀਪ ਸਿੰਘ ਦੀ ਲਾਸ਼ ਕਰੀਬ 1 ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਵਤਨ ਨਹੀਂ ਆ ਸਕੀ | ਮਿ੍ਤਕ ਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਦੀ ਲਾਸ਼ ਅਮਰੀਕਾ ਦੇ ਇਕ ਹਸਪਤਾਲ 'ਚ ਪਈ ਹੈ, ਪਰ ਉਸ ਦੀ ਸ਼ਨਾਖਤ ਕਰਨ 'ਚ ਵੱਡੀ ਦਿੱਕਤ ਆ ਰਹੀ ਹੈ |
ਏਜੰਟਾਂ ਨੇ ਬਣਾਈ ਸੀ ਹਰਦੀਪ ਸਿੰਘ ਦੀ ਨੇਪਾਲ ਦੀ ਆਈ. ਡੀ.
ਮਲਕੀਤ ਸਿੰਘ ਨੇ ਦੱਸਿਆ ਕਿ ਏਜੰਟਾਂ ਨੇ ਹਰਦੀਪ ਸਿੰਘ ਦੀ ਨੇਪਾਲ ਦੀ ਆਈ. ਡੀ. ਬਣਾਈ ਸੀ, ਜਿਸ ਦੇ ਆਧਾਰ 'ਤੇ ਉਸ ਨੂੰ ਟੈਕਸਸ ਅਤੇ ਪਨਾਮਾ ਦੇ ਜੰਗਲਾਂ ਰਾਹੀਂ ਅਮਰੀਕਾ ਲਿਜਾਇਆ ਜਾ ਰਿਹਾ ਸੀ, ਪਰ ਰਸਤੇ 'ਚ ਭੁੱਖਣ-ਭਾਣੇ ਰਹਿਣ ਕਰਕੇ ਉਸ ਦੀ ਮੌਤ ਹੋ ਗਈ ਸੀ | ਜਦੋਂ ਅਮਰੀਕੀ ਅਧਿਕਾਰੀਆਂ ਨੇ ਲਾਸ਼ ਦੀ ਪਛਾਣ ਲਈ ਕਾਰਵਾਈ ਸ਼ੁਰੂ ਕੀਤੀ ਤਾਂ ਉਸ ਦੀ ਪਛਾਣ ਨੇਪਾਲੀ ਨਾਗਰਿਕ ਵਜੋਂ ਹੋਈ | ਮਲਕੀਤ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਅੰਬੈਸੀ ਤੋਂ ਮੈਸੇਜ਼ ਮਿਲਿਆ ਸੀ ਕਿ ਆਪਣੇ ਫਿੰਗਰ ਪਿ੍ੰਟ ਭੇਜੇ ਜਾਣ, ਜਿਸ ਤੋਂ ਬਾਅਦ ਉਨ੍ਹਾਂ ਪਾਸਪੋਰਟ ਦਫ਼ਤਰ ਤੇ ਆਧਾਰ ਸੈਂਟਰ ਤੋਂ ਫਿੰਗਰ ਪਿ੍ੰਟ ਭੇਜ ਕੇ ਤਸਦੀਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਪ੍ਰੰਤੂ ਉਥੇ ਵੀ ਕਿਸੇ ਨੇ ਹੱਥ-ਪੱਲਾ ਨਹੀਂ ਫੜ੍ਹਾਇਆ | ਉਹ ਭਾਰਤ ਦੀ ਅੰਬੈਸੀ ਨਾਲ ਵੀ ਸੰਪਰਕ ਕਰ ਰਹੇ ਹਨ ਅਤੇ ਨਾਲ ਹੀ ਕੈਨੇਡਾ ਰਹਿੰਦੇ ਇਕ ਰਿਸ਼ਤੇਦਾਰ ਰਾਹੀਂ ਵੀ ਤਾਲਮੇਲ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਦੱਸਿਆ ਕਿ ਜਦੋਂ ਤੱਕ ਹਰਦੀਪ ਸਿੰਘ ਨੂੰ ਭਾਰਤ ਦਾ ਵਸਨੀਕ ਸਾਬਿਤ ਨਹੀਂ ਕੀਤੀ ਜਾਂਦਾ, ਉਦੋਂ ਤੱਕ ਉਸ ਦੀ ਲਾਸ਼ ਇੰਡੀਆ ਨਹੀਂ ਆ ਸਕਦੀ | ਉਨ੍ਹਾਂ ਦੱਸਿਆ ਕਿ ਲਾਸ਼ ਲਿਆਉਣ ਦੇ ਖ਼ਰਚੇ ਬਾਰੇ ਇਸ ਵੇਲੇ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਫ਼ਿਲਹਾਲ ਸ਼ਨਾਖਤ ਦੀ ਕਾਰਵਾਈ ਚੱਲ ਰਹੀ ਹੈ ਅਤੇ ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ, ਉਦੋਂ ਹੀ ਖ਼ਰਚ ਤੇ ਹੋਰ ਵੇਰਵੇ ਮਿਲ ਸਕਣਗੇ | ਮਿ੍ਤਕ ਦੇ ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ 'ਚ ਤੁਰੰਤ ਦਖ਼ਲ ਦਿੱਤਾ ਜਾਵੇ ਤਾਂ ਜੋ ਹਰਦੀਪ ਸਿੰਘ ਦੀ ਲਾਸ਼ ਨੂੰ ਜਲਦ ਵਾਪਸ ਭਾਰਤ ਲਿਆਂਦਾ ਜਾ ਸਕੇ | ਮਲਕੀਤ ਸਿੰਘ ਨੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਸਾਡਾ ਭਰਾ ਮੌਤ ਤੋਂ ਪਹਿਲਾਂ ਵੀ ਜੰਗਲਾਂ 'ਚ ਭਟਕਦਾ ਰਿਹਾ ਤੇ ਹੁਣ ਉਸ ਦੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਰਸਮਾਂ ਕਰਨ ਲਈ ਵੀ ਸਾਨੂੰ ਭਟਕਣਾ ਪੈ ਰਿਹਾ ਹੈ | ਉਧਰ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਨੇ ਆਖਿਆ ਕਿ ਪੁਲਿਸ ਵਲੋਂ ਇਸ ਮਾਮਲੇ 'ਚ ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਦੀਆਂ ਜ਼ਮਾਨਤਾਂ ਵੀ ਅਦਾਲਤ ਵਲੋਂ ਖਾਰਜ਼ ਕੀਤੀਆਂ ਜਾ ਚੁੱਕੀਆਂ ਹਨ | ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ |