ਮਾਜਰੀ, 5 ਦਸੰਬਰ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਦੇ ਪਿੰਡ ਮਹਿਰਮਪੁਰ ਟੱਪਰੀਆਂ ਦੀ ਪਾਣੀ ਦੀ ਸਪਲਾਈ ਪਿਛਲੇ 4 ਦਿਨਾਂ ਤੋਂ ਠੱਪ ਹੋਣ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਪੰਚ ਬਲਵਿੰਦਰ ਸਿੰਘ, ਜਸਵੀਰ ਕੌਰ, ਜਸਵੰਤ ਕੌਰ ਤੇ ਚੂਹੜ ਸਿੰਘ ਪੰਚ ਆਦਿ ਨੇ ਦੱਸਿਆ ਕਿ ਪਿੰਡ ਮਹਿਰਮਪੁਰ ਟੱਪਰੀਆਂ ਦੇ ਟਿਊਬਵੈੱਲ 'ਚ ਕੋਈ ਤਕਨੀਕ ਨੁਕਸ ਪੈਣ ਕਾਰਨ ਪਿਛਲੇ ਚਾਰ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਪਈ ਹੈ | ਉਨ੍ਹਾਂ ਦੱਸਿਆ ਕਿ ਟਿਊਬਵੈੱਲ ਦੀ ਮੁਰੰਮਤ ਕਰਵਾਉਣ ਲਈ ਗ੍ਰਾਮ ਪੰਚਾਇਤ ਕੋਲ ਫ਼ੰਡ ਨਹੀਂ ਹੈ, ਜਿਸ ਕਰਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਾਜਰੀ ਨੂੰ ਦਰਖ਼ਾਸਤ ਦੇ ਕੇ ਮੰਗ ਕੀਤੀ ਗਈ ਹੈ ਕਿ ਟਿਊਬਵੈੱਲ ਦੀ ਮੁਰੰਮਤ ਲਈ ਗ੍ਰਾਮ ਪੰਚਾਇਤ ਨੂੰ ਤੁਰੰਤ ਗ੍ਰਾਂਟ ਜਾਰੀ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪਿੰਡ ਵਾਸੀਆਂ ਨੂੰ ਆਪਣੇ ਖ਼ਰਚੇ 'ਤੇ ਪਾਣੀ ਦੇ ਟੈਂਕਰ ਮੰਗਵਾ ਕੇ ਡੰਗ ਟਪਾਉਣਾ ਪੈ ਰਿਹਾ ਹੈ | ਇਸੇ ਦੌਰਾਨ ਪਿੰਡ ਵਾਸੀ ਪਲਵਿੰਦਰ ਸਿੰਘ, ਕਰਨਦੀਪ ਸਿੰਘ, ਜਸਵੀਰ ਸਿੰਘ, ਮਨਜੀਤ ਕੌਰ, ਸੋਮ ਸਿੰਘ, ਅਵਤਾਰ ਸਿੰਘ, ਕਮਲਜੀਤ ਕੌਰ, ਭੁਪਿੰਦਰ ਸਿੰਘ, ਸ਼ੇਰ ਸਿੰਘ, ਬਲਜੀਤ ਕੌਰ ਤੇ ਸੁਰਿੰਦਰ ਸਿੰਘ ਆਦਿ ਨੇ ਬੀ. ਡੀ. ਪੀ. ਓ. ਮਾਜਰੀ ਰਾਜਵਿੰਦਰ ਸਿੰਘ ਅਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਟਿਊਬਵੈੱਲ ਦੀ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ |