ਡੇਰਾਬੱਸੀ, 6 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਹਲਕੇ ਦੀਆਂ ਪੰਚਾਇਤ ਸੰਮਤੀ ਚੋਣ ਲਈ 22 ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੇ ਅੰਤਿਮ ਦਿਨ 49 ਉਮੀਦਵਾਰਾਂ ਵਲੋਂ ਆਪਣੇ ਨਾਂਅ ਵਾਪਸ ਲੈ ਲਏ ਗਏ, ਜਿਸ ਨਾਲ ਹੁਣ ਕੇਵਲ 94 ਉਮੀਦਵਾਰ ਹੀ ਚੋਣ ਮੈਦਾਨ 'ਚ ਡੱਟੇ ਹੋਏ ਹਨ, ਜਿਨ੍ਹਾਂ 'ਚ 4 ਆਜ਼ਾਦ ਉਮੀਦਵਾਰ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ 'ਬੱਲਬ' ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ | ਇਸ ਤੋਂ ਇਲਾਵਾ ਭਾਜਪਾ, ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਬਸਪਾ ਦੇ ਉਮੀਦਵਾਰ ਆਪੋ ਆਪਣੀ ਪਾਰਟੀਆਂ ਦੇ ਚੋਣ ਨਿਸ਼ਾਨਾਂ 'ਤੇ ਚੋਣ ਲੜ ਰਹੇ ਹਨ | ਜਾਣਕਾਰੀ ਅਨੁਸਾਰ ਮਲਕਪੁਰ ਜ਼ੋਨ 'ਚ ਸਭ ਤੋਂ ਵੱਧ 6 ਉਮੀਦਵਾਰ ਚੋਣ ਮੈਦਾਨ 'ਚ ਡੱਟੇ ਹੋਏ ਹਨ, ਜਦਕਿ ਪੰਡਵਾਲਾ ਤੇ ਚੰਡੀਆਲਾ ਜ਼ੋਨ 'ਚ ਕੇਵਲ 3-3 ਉਮੀਦਵਾਰ ਬਚੇ ਹਨ | ਇਨ੍ਹਾਂ ਦੋ ਜ਼ੋਨਾਂ 'ਚ ਭਾਜਪਾ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਨਾਲ 22 'ਚੋਂ ਕੇਵਲ ਦੋ ਸੀਟਾਂ 'ਤੇ 'ਆਪ', ਕਾਂਗਰਸ ਤੇ ਅਕਾਲੀ ਦਲ ਵਿਚਕਾਰ ਤਿ੍ਕੋਣਾ ਮੁਕਾਬਲਾ ਹੋਵੇਗਾ | ਇਸ ਦੇ ਨਾਲ ਹੀ 13 ਸੀਟਾਂ 'ਤੇ 'ਆਪ', ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਚਾਰ ਵੱਡੀਆਂ ਪਾਰਟੀਆਂ ਸਿੱਧੇ ਤੌਰ 'ਤੇ ਇਕ-ਦੂਜੇ ਨੂੰ ਟੱਕਰ ਦੇਣਗੀਆਂ | ਬਸਪਾ ਦੇ ਉਮੀਦਵਾਰ ਕੇਵਲ ਅਮਲਾਲਾ, ਝਰਮੜੀ, ਜਿਊਲੀ ਤੇ ਮਲਕਪੁਰ ਜ਼ੋਨ ਤੋਂ ਚੋਣ ਲੜ ਰਹੇ ਹਨ |