ਲਾਲੜੂ, 21 ਦਸੰਬਰ (ਰਾਜਬੀਰ ਸਿੰਘ)-ਅੰਬਾਲਾ-ਨਾਰਾਇਣਗੜ੍ਹ ਸੜਕ 'ਤੇ ਹੰਡੇਸਰਾ ਨੇੜੇ ਟਿੱਪਰ ਦੀ ਟੱਕਰ ਲੱਗਣ ਨਾਲ 21 ਸਾਲਾ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਜਟਵਾੜ ਜ਼ਿਲ੍ਹਾ ਅੰਬਾਲਾ ਵਜੋਂ ਹੋਈ ਦੱਸੀ ਹੈ | ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਹੰਡੇਸਰਾ ਦੇ ਏ. ਐਸ. ਆਈ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਦੇ ਪਿਤਾ ਨਰਿੰਦਰ ਸਿੰਘ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਅਮਰਜੀਤ ਹੰਡੇਸਰਾ ਨੇੜੇ ਸਵਰਾਜ ਕੰਪਨੀ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਵੇਰੇ 5.15 ਵਜੇ ਪਿੰਡ ਜਟਵਾੜ ਤੋਂ ਆਪਣੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਡਿਊਟੀ 'ਤੇ ਜਾ ਰਿਹਾ ਸੀ ਅਤੇ ਉਹ ਵੀ ਉਸ ਦੇ ਪਿੱਛੇ ਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਅੰਬਾਲਾ ਵੱਲ ਜਾ ਰਹੇ ਸੀ | ਇਸ ਦੌਰਾਨ ਜਿਵੇਂ ਹੀ ਉਹ ਪ੍ਰਗਤੀ ਪੇਪਰ ਮਿੱਲ ਦੇ ਨੇੜੇ ਪੁੱਜੇ ਤਾਂ ਪਿੱਛੇ ਤੋਂ ਆ ਰਹੇ ਇਕ ਟਿੱਪਰ ਨੇ ਅਮਰਜੀਤ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਸੜਕ ਤੋਂ ਡਿੱਗ ਗਿਆ, ਜਿਸ ਨੂੰ ਜ਼ਖ਼ਮੀ ਹਾਲਤ 'ਚ ਰਾਹਗੀਰਾਂ ਦੀ ਮਦਦ ਨਾਲ ਅੰਬਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਨੂੰ ਜੀ. ਐਮ. ਸੀ. ਐਚ. ਸੈਕਟਰ 32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ | ਮਿ੍ਤਕ ਦੇ ਪਿਤਾ ਨਰਿੰਦਰ ਸਿੰਘ ਦੇ ਬਿਆਨ 'ਤੇ ਪੁਲਿਸ ਨੇ ਫਰਾਰ ਟਿੱਪਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ |