ਪੰਚਕੂਲਾ, 21 ਦਸੰਬਰ (ਕਪਿਲ)-ਸਥਾਨਕ ਸੈਕਟਰ-5 ਦੇ ਪਰੇਡ ਗਰਾਊਾਡ 'ਚ ਕਰਵਾਏ ਸਵਦੇਸ਼ੀ ਮਹਾਂਉਤਸਵ 2025 'ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਹਵਨ ਯੱਗ ਰਾਹੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ | ਇਸ ਦੌਰਾਨ ਉਨ੍ਹਾਂ ਆਤਮਨਿਰਭਰ ਭਾਰਤ ਦੇ ਤਹਿਤ 'ਵੋਕਲ ਫ਼ੋਰ ਲੋਕਲ' ਅਧੀਨ ਲੱਗੇ ਸਵਦੇਸ਼ੀ ਮੇਲੇ ਦੇ ਸਟਾਲਾਂ ਦਾ ਨਿਰੀਖਣ ਕੀਤਾ | ਸਵਦੇਸ਼ੀ ਮਹਾਂ ਉਤਸਵ 'ਚ ਦੂਰ-ਦਰਾਜ਼ ਤੋਂ ਆਏ ਸ਼ਿਲਪਕਾਰਾਂ ਤੇ ਉਦਯੋਗਪਤੀਆਂ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਇਸ ਸਮਾਰੋਹ 'ਚ ਉਹ ਆਤਮਨਿਰਭਰ ਭਾਰਤ ਦੀ ਝਲਕ ਦੇਖ ਰਹੇ ਹਨ ਅਤੇ ਅੱਜ ਇਥੇ ਪੰਜ ਸਵਦੇਸ਼ੀ ਵਸਤੂਆਂ ਨੂੰ ਆਪਣੇ ਜੀਵਨ 'ਚ ਅਪਣਾਉਣ ਦਾ ਸੰਕਲਪ ਵੀ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਮਹਾਂ ਉਤਸਵ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਇਕ ਮਹੱਤਵਪੂਰਨ ਕੜੀ ਹੈ | ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਦੇ ਹਜ਼ਾਰਾਂ ਸਵੈ-ਸਹਾਇਤਾ ਸਮੂਹ ਆਤਮਨਿਰਭਰ ਭਾਰਤ ਦੇ ਮਜ਼ਬੂਤ ਸਤੰਭ ਬਣੇ ਹੋਏ ਹਨ | ਇਸ ਮੌਕੇ ਪੁੱਜੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਦੇ ਸੁਪਨੇ ਵਿਚ ਸਵਦੇਸ਼ੀ ਦਾ ਮਹੱਤਵਪੂਰਨ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਅੱਜ ਇਸ ਮਹਾਂਉਤਸਵ ਵਿਚ ਪਹੁੰਚੇ ਲੋਕਾਂ ਨੇ ਸੰਕਲਪ ਲਿਆ ਹੈ ਕਿ ਭਾਰਤ ਆਤਮਨਿਰਭਰ ਬਣੇ, ਵਿਸ਼ਵ ਗੁਰੂ ਬਣੇ ਅਤੇ ਵਿਕਸਿਤ ਭਾਰਤ ਬਣੇ | ਹਰਿਆਣਾ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸ ਵਿਧਾਇਕ ਗੀਤਾ ਭੁੱਕਲ ਤੇ ਮਾਰਸ਼ਲ ਦਰਮਿਆਨ ਵਾਇਰਲ ਹੋਏ ਵੀਡੀਓ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਸੱਤਾ ਪੱਖ ਅਤੇ ਵਿਰੋਧ ਪੱਖ ਦੋਹਾਂ ਦੀ ਜ਼ਿੰਮੇਵਾਰੀ ਹੈ ਕਿ ਸਦਨ ਦੀ ਗਰਿਮਾ ਤੇ ਮਰਿਯਾਦਾ ਬਣੀ ਰਹੇ | ਸਦਨ ਦੇ ਅੰਦਰ ਕੋਈ ਵੀ ਅਜਿਹਾ ਕੰਮ ਨਾ ਹੋਵੇ ਜਿਸ ਨਾਲ ਸਦਨ ਦੀ ਗਰਿਮਾ ਪ੍ਰਭਾਵਿਤ ਹੋਵੇ | ਇਸ ਮੌਕੇ ਪੰਜਾਬੀ ਅਦਾਕਾਰ ਓ. ਪੀ. ਧਾਲੀਵਾਲ ਨੇ ਕਿਹਾ ਕਿ ਸਵਦੇਸ਼ੀ ਅਪਣਾਓ ਤੇ ਭਾਰਤ ਨੂੰ ਨੰਬਰ ਇਕ ਬਣਾਓ | ਇਸ ਮੌਕੇ ਕਾਲਕਾ ਵਿਧਾਨ ਸਭਾ ਤੋਂ ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਰਾਜ ਸਭਾ ਸੰਸਦ ਮੈਂਬਰ ਰੇਖਾ ਸ਼ਰਮਾ, ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਣੂ ਭਾਟੀਆ ਸਮੇਤ ਹੋਰ ਲੋਕ ਮੌਜੂਦ ਸਨ |