ਐੱਸ. ਏ. ਐੱਸ. ਨਗਰ, 21 ਦਸੰਬਰ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ ਦੋ ਨਾਬਾਲਗ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਫੇਜ਼-1 ਦੀ ਪੁਲਿਸ ਨੂੰ ਪਿੰਡ ਸ਼ਾਹੀਮਾਜਰਾ ਦੀ ਰਹਿਣ ਵਾਲੀ ਇਕ ਮਹਿਲਾ ਨੇ ਸੂਚਿਤ ਕੀਤਾ ਕਿ ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ 'ਚੋਂ 2 ਕੁੜੀਆਂ (15 ਅਤੇ 13 ਸਾਲ ਉਮਰ ਦੀਆਂ) ਹਨ | ਉਸ ਨੇ ਦੱਸਿਆ ਕਿ 17 ਦਸੰਬਰ ਨੂੰ ਉਹ ਥਾਣਾ ਫੇਜ਼-1 ਦੇ ਇਲਾਕੇ ਵਿਚ ਪੈਂਦੀ ਮਹਿੰਦਰਾ ਏਜੰਸੀ ਨਜ਼ਦੀਕ ਢਾਬੇ 'ਤੇ ਆਈਆਂ ਸਨ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤੀਆਂ | ਦੋਨਾਂ ਲੜਕੀਆਂ ਦੀ 1-2 ਦਿਨ ਭਾਲ ਕਰਨ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਪਤਾ ਚੱਲਿਆ ਕਿ ਉਸ ਦੀਆਂ ਬੇਟੀਆਂ ਨੂੰ ਕੋਈ ਅਣਪਛਾਤਾ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਕੇ ਆਪਣੇ ਨਾਲ ਲੈ ਗਿਆ ਹੈ | ਸ਼ਿਕਾਇਤ ਪ੍ਰਾਪਤ ਹੋਣ ਉਪਰੰਤ ਪੁਲਿਸ ਅਧਿਕਾਰੀਆਂ ਨੇ ਜਬਰਦਸਤੀ ਵਿਆਹ ਕਰਵਾਉਣ ਜਾਂ ਸਰੀਰਕ ਸੰਬੰਧ ਬਣਾਉਣ ਦੇ ਦੋਸ਼ ਹੇਠ ਐੱਫ. ਆਈ. ਆਰ. ਦਰਜ ਕੀਤੀ ਹੈ |