ਡੇਰਾਬੱਸੀ, 21 ਦਸੰਬਰ (ਗੁਰਮੀਤ ਸਿੰਘ)-ਨਗਰ ਕੌਂਸਲ ਅਧੀਨ ਆਉਂਦੇ ਪਿੰਡ ਦੇਵੀਨਗਰ ਵਿਖੇ ਇਕ ਮੀਟਰਾਂ ਵਾਲਾ ਬਕਸਾ ਲੱਕੜ ਦੇ ਬਾਲੇ ਸਹਾਰੇ ਖੜ੍ਹਾ ਹੈ | ਇਸ ਨੂੰ ਲੈ ਕੇ ਪਿੰਡ ਵਾਸੀਆ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਈ ਮਹੀਨਿਆ ਤੋਂ ਇਸ ਪਾਸੇ ਬਿਜਲੀ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਬਿਨਾਂ ਦਰਵਾਜ਼ੇ ਵਾਲੇ ਇਸ ਬਕਸੇ ਕਰਕੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਡੇਰਾਬੱਸੀ ਵਾਸੀਆਂ ਦਾ ਕਹਿਣਾ ਹੈ ਕਿ ਥਾਂ-ਥਾਂ ਇਸ ਤਰ੍ਹਾਂ ਦੇ ਖੁੱਲ੍ਹੇ ਤੇ ਟੁੱਟੇ ਮੀਟਰ ਬਕਸਿਆਂ ਬਾਰੇ ਕਈ ਵਾਰ ਬਿਜਲੀ ਵਿਭਾਗ ਤੇ ਸਥਾਨਕ ਪ੍ਰਸ਼ਾਸਨ ਨੂੰ ਲਿਖਤੀ ਤੇ ਮੌਖਿਕ ਰੂਪ ਵਿਚ ਸੂਚਿਤ ਕੀਤਾ, ਪਰ ਅੱਜ ਤੱਕ ਇਸ ਦਾ ਕੋਈ ਪੱਕਾ ਹੱਲ ਨਹੀਂ ਕੱਢਿਆ ਗਿਆ | ਡੇਰਾਬੱਸੀ ਤਹਿਸੀਲ ਨੇੜੇ ਵੀ ਅਜਿਹੇ ਦੋ ਬਕਸੇ ਕਈ ਸਾਲਾਂ ਤੋਂ ਖੁੱਲ੍ਹੇ ਪਏ ਹਨ | ਨਿਯਮਾਂ ਮੁਤਾਬਕ ਹਰੇਕ ਮੀਟਰ ਬਕਸੇ ਨੂੰ ਬੰਦ, ਸੀਲਬੰਦ ਅਤੇ ਮੌਸਮ-ਰੋਧੀ ਹੋਣਾ ਚਾਹੀਦਾ ਹੈ, ਪਰ ਡੇਰਾਬੱਸੀ ਖੇਤਰ 'ਚ ਇਹ ਨਿਯਮ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਦਿਖਾਈ ਦੇ ਰਹੇ ਹਨ | ਪਿੰਡ ਦੇਵੀਨਗਰ ਵਾਸੀਆਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਹ ਖੁੱਲ੍ਹੇ ਬਕਸਿਆਂ ਦੀ ਥਾਂ ਤੁਰੰਤ ਬਦਲ ਕੇ ਨਵੇਂ, ਸੁਰੱਖਿਅਤ ਬਕਸੇ ਲਗਾਏ ਜਾਣ ਤੇ ਖੁੱਲ੍ਹੀਆਂ ਤਾਰਾਂ ਠੀਕ ਕੀਤੀਆਂ ਜਾਣ |