ਜ਼ੀਰਕਪੁਰ, 21 ਦਸੰਬਰ (ਮਨਿੰਦਰ ਸਿੰਘ)-ਵੇਟਲਿਫਟਿੰਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਂਸੀ ਦਾ ਤਗਮਾ ਜਿੱਤਣ ਵਾਲੀ ਜ਼ੀਰਕਪੁਰ ਦੀ ਅਨੰਨਿਆ ਨੂੰ ਅੱਜ ਉਨ੍ਹਾਂ ਦੇ ਘਰ ਜਾ ਕੇ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਵਲੋਂ ਸਨਮਾਨਿਤ ਕੀਤਾ | ਅਰੁਣਾਚਲ ਪ੍ਰਦੇਸ਼ 'ਚ ਹੋਏ ਇਸ ਵੇਟਲਿਫਟਿੰਗ ਮੁਕਾਬਲੇ 'ਚ ਅਨੰਨਿਆ ਨੇ ਕੁੜੀਆਂ ਦੇ 77+ ਕਿੱਲੋਗ੍ਰਾਮ ਭਾਰ ਵਰਗ ਵਿਚ ਹਿੱਸਾ ਲਿਆ ਸੀ | ਅਨੰਨਿਆ ਪਹਿਲਾਂ ਵੀ ਰਾਜ ਪੱਧਰ 'ਤੇ ਕਈ ਤਗਮੇ ਜਿੱਤ ਚੁੱਕੀ ਹੈ | ਐਨ. ਕੇ. ਸ਼ਰਮਾ ਅੱਜ ਸਵੇਰੇ ਅਨੰਨਿਆ ਦੇ ਘਰ ਸਕਾਈ ਨੈੱਟ ਇਨਕਲੇਵ ਪਹੁੰਚੇ ਤੇ ਅਨੰਨਿਆ ਨੂੰ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਖੇਤਰ ਵਿਚ ਖਿਡਾਰੀਆਂ ਲਈ ਕਈ ਖੇਡ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਹੁਣ ਸੰਭਾਲਿਆ ਵੀ ਨਹੀਂ ਜਾ ਰਿਹਾ ਹੈ | ਇਸ ਮੌਕੇ ਸ਼ਰਮਾ ਨੇ ਅਨੰਨਿਆ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਹੂਲਤਾਂ ਦੀ ਘਾਟ ਕਾਰਨ ਕਿਸੇ ਵੀ ਖਿਡਾਰੀ ਦੀ ਪ੍ਰਤਿਭਾ ਨੂੰ ਦੱਬਣ ਨਹੀਂ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਨੰਨਿਆ ਨੇ ਨਾ ਸਿਰਫ਼ ਜ਼ੀਰਕਪੁਰ ਦਾ, ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ | ਇਸ ਮੌਕੇ ਕੌਂਸਲਰ ਤੇਜਿੰਦਰ ਸਿੱਧੂ, ਕੁਨਾਲ ਸੇਠ ਤੇ ਐਡਵੋਕੇਟ ਸਪਨਾ ਸੇਠ ਸਮੇਤ ਕਈ ਪਤਵੰਤੇ ਮੌਜੂਦ ਸਨ |