ਐੱਸ. ਏ. ਐੱਸ. ਨਗਰ, 21 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਬੀਤੇ ਦਿਨੀਂ ਹੋਈ ਸਰਕਾਰੀ ਸਕੂਲਾਂ ਅੰਦਰ ਮੈਗਾ ਪੀ. ਟੀ. ਐਮ. ਲਈ 'ਆਪ' ਦੀ ਪੰਜਾਬ ਸਰਕਾਰ ਨੇ ਝੂਠੀ ਤੇ ਫੋਕੀ ਸ਼ੋਹਰਤ ਲਈ ਪੰਜਾਬ ਦੇ ਖਜ਼ਾਨੇ 'ਚੋਂ ਲੱਖਾਂ ਰੁਪਏ ਖ਼ਰਚ ਕਰ ਦਿੱਤੇ ਹਨ | ਇਹ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ ਮੁਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਪੱਪੀ ਤੇ ਜਰਨਲ ਸਕੱਤਰ ਮਨਪ੍ਰੀਤ ਸਿੰਘ ਗੋਸਲਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਹੁਣ ਤੱਕ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਈ ਹੈ | ਉਨ੍ਹਾਂ ਕਿਹਾ ਕਿ ਬੀਤੀ 20 ਦਸੰਬਰ ਨੂੰ ਜੋ ਸਰਕਾਰੀ ਸਕੂਲਾਂ ਅੰਦਰ ਮਾਪੇ ਅਧਿਆਪਕ ਮਿਲਣੀ ਹੋਈ ਹੈ, ਉਸ ਲਈ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਕਮਾਈ 'ਚੋਂ ਲੱਖਾਂ ਰੁਪਏ ਝੂਠੀ ਤੇ ਫੋਕੀ ਇਸ਼ਤਿਆਰਬਾਜੀ ਲਈ ਖ਼ਰਚ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਹੁਣ ਤੱਕ ਹਜ਼ਾਰਾਂ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਸਰਕਾਰੀ ਸਕੂਲਾਂ ਤੋਂ ਮੂੰਹ ਮੋੜ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਸ ਮੈਗਾ ਪੀ. ਟੀ. ਐਮ. 'ਚ ਪੰਜਾਬ ਸਰਕਾਰ ਨੇ ਆਪਣੀਆਂ ਝੂਠੀਆਂ ਸਿਫ਼ਤਾਂ ਤੇ ਝੂਠੇ ਕੰਮਾਂ ਲਈ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ 'ਆਪ' ਵਰਕਰਾਂ ਦੇ ਤੌਰ 'ਤੇ ਵਰਤਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਵੱਡਾ ਫ਼ਰਕ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਹੁਣ ਤੱਕ ਬੱਚਿਆਂ ਨੂੰ ਪੂਰੀ ਤਰ੍ਹਾਂ ਵਰਦੀਆਂ ਨਸੀਬ ਨਹੀਂ ਹੋਈਆਂ ਅਤੇ ਜਿਹੜੀਆਂ ਗੱਲਾਂ ਫੋਕੀਆਂ ਇਸ਼ਤਿਹਾਰਬਾਜੀਆਂ ਰਾਹੀਂ ਪੰਜਾਬ ਸਰਕਾਰ ਕਰ ਰਹੀ ਹੈ, ਉਹ ਇਹ ਸਰਕਾਰ ਪੂਰੇ ਚਾਰ ਸਾਲ ਹੋਣ 'ਤੇ ਵੀ ਪੂਰੀਆਂ ਨਹੀਂ ਕਰ ਸਕੀ | ਇਸ ਮੌਕੇ ਜੀ. ਟੀ. ਯੂ. ਦੇ ਅਮਰੀਕ ਸਿੰਘ ਮਟੌਰ, ਸੁਖਜਿੰਦਰ ਬਾਸਮਾਂ, ਮਨਜੀਤ ਸਿੰਘ, ਬਲਜੀਤ ਸਿੰਘ, ਵਰਿੰਦਰ ਕੁਮਾਰ, ਸੋਹਣ ਸਿੰਘ, ਗੁਰਬੀਰ ਸਿੰਘ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਗੁਲਜੀਤ ਸਿੰਘ, ਚਰਨਜੀਤ ਸਿੰਘ, ਹਰਪ੍ਰੀਤ ਸਿੰਘ ਕੁਰਾਲੀ, ਵੇਦ ਪ੍ਰਕਾਸ਼, ਮਨਜੀਤ ਸਿੰਘ, ਰਾਜੇਸ਼ ਕੁਮਾਰ, ਹਰਪ੍ਰੀਤ ਸਿੰਘ, ਬਲਜੀਤ ਸਿੰਘ ਚੁੰਬਰ, ਬਲਜੀਤ ਸਿੰਘ, ਸ਼ਮਸ਼ੇਰ ਸਿੰਘ, ਮਨੋਜ ਕੁਮਾਰ ਆਦਿ ਹਾਜ਼ਰ ਸਨ |