• ਮੇਅਰ ਹਰਪ੍ਰੀਤ ਕੌਰ ਬਬਲਾ ਨੇ ਜੇਤੂਆਂ ਨੂੰ ਵੰਡੇ ਇਨਾਮ
ਚੰਡੀਗੜ੍ਹ, 21 ਦਸੰਬਰ (ਅਜਾਇਬ ਸਿੰਘ ਅÏਜਲਾ)-ਗੁਲਦਾਊਦੀ ਸ਼ੋਅ ਦੀਆਂ ਰੌਣਕਾਂ ਨੂੰ ਦਰਸ਼ਕਾਂ ਨੇ ਉਤਸੁਕਤਾ ਨਾਲ ਮਾਣਿਆ | ਛੁੱਟੀ ਦਾ ਦਿਨ ਹੋਣ ਕਾਰਨ ਠੰਢੇ ਮੌਸਮ ਦੌਰਾਨ ਵੀ ਬੱਚੇ, ਨੌਜਵਾਨ, ਮਹਿਲਾਵਾਂ ਵਲੋਂ ਵੱਡੀ ਗਿਣਤੀ 'ਚ ਸੈਕਟਰ 33 ਦੇ ਟੈਰੇਸ ਗਾਰਡਨ ਵਿਖੇ ਸ਼ਮੂਲੀਅਤ ਕੀਤੀ | ਇਹ 38ਵਾਂ ਗੁਲਦਾਊਦੀ ਸ਼ੋਅ ਚੰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਬਾਖੂਬੀ ਸਮਾਪਤ ਹੋਇਆ | ਸ੍ਰੀਮਤੀ ਹਰਪ੍ਰੀਤ ਕੌਰ ਬਬਲਾ ਮੇਅਰ ਚੰਡੀਗੜ੍ਹ ਸਮਾਪਤੀ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ | ਉਨ੍ਹਾਂ ਨੇ ਸ਼ੋਅ ਦੌਰਾਨ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ | ਇਸ ਮੌਕੇ ਅਮਿਤ ਕੁਮਾਰ ਆਈ. ਏ. ਐਸ. ਕਮਿਸ਼ਨਰ, ਪ੍ਰਦੀਪ ਕੁਮਾਰ ਵਿਸ਼ੇਸ਼ ਕਮਿਸ਼ਨਰ, ਸੰਯੁਕਤ ਕਮਿਸ਼ਨਰ ਡਾ. ਹਿਮਾਂਸ਼ੂ ਗੁਪਤਾ ਅਤੇ ਡਾ. ਇੰਦਰਜੀਤ, ਐਚ. ਸੀ. ਐਸ. ਅੰਜੂ ਕਤਿਆਲ, ਏਰੀਆ ਕੌਂਸਲਰ, ਹੋਰ ਕੌਂਸਲਰ ਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ | ਚੰਡੀਗੜ੍ਹ ਮੇਅਰ ਨੇ ਬਾਗ਼ ਦਾ ਦੌਰਾ ਕੀਤਾ ਤੇ ਵੱਖ-ਵੱਖ ਡਿਜ਼ਾਈਨਾਂ ਅਤੇ ਸੰਜੋਗਾਂ 'ਚ ਵਿਵਸਥਿਤ ਗੁਲਦਾਊਦੀ ਦੇ ਸੁੰਦਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ | ਉਸ ਨੇ ਸਵੱਛ ਭਾਰਤ ਮਿਸ਼ਨ ਸਟਾਲ ਸਮੇਤ ਵੱਖ-ਵੱਖ ਸਟਾਲਾਂ ਦਾ ਦੌਰਾ ਵੀ ਕੀਤਾ, ਜੋ ਕਿ ਸਰੋਤ 'ਤੇ ਰਹਿੰਦ-ਖੂੰਹਦ ਨੂੰ ਵੱਖ ਕਰਨ ਬਾਰੇ ਜਾਗਰੂਕਤਾ 'ਤੇ ਕੇਂਦਰਿਤ ਸੀ | ਹੋਰ ਸਟਾਲਾਂ ਨੇ ਘਰੇਲੂ ਖਾਦ, ਬਾਗ਼ਬਾਨੀ ਰਹਿੰਦ-ਖੂੰਹਦ ਖਾਦ, ਸਫਾਈ ਮਿੱਤਰ, ਨਿਰਮਾਣ ਤੇ ਢਾਹੁਣ ਵਾਲੇ ਰਹਿੰਦ-ਖੂੰਹਦ ਪ੍ਰਬੰਧਨ, ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਇੱਕ ਸਵੈ-ਸਹਾਇਤਾ ਸਮੂਹ ਦੁਆਰਾ ਚਲਾਏ ਜਾ ਰਹੇ ਟਿਕਾਊ ਉਤਪਾਦਾਂ ਲਈ ਇਕ ਵਾਤਾਵਰਨ-ਅਨੁਕੂਲ ਸਟੋਰ ਦੀ ਵੀ ਸ਼ੁਰੂਆਤ ਕੀਤੀ | ਮੇਅਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਸ਼ੋਅ ਦੇ ਆਯੋਜਨ ਲਈ ਯਤਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਸਮਾਗਮ ਸਫਾਈ, ਵਾਤਾਵਰਨ ਜਾਗਰੂਕਤਾ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਉਤਸ਼ਾਹਿਤ ਕਰਦੇ ਹਨ | ਨਗਰ ਨਿਗਮ ਚੰਡੀਗੜ੍ਹ ਦੇ ਬਾਗ਼ਬਾਨੀ ਵਿਭਾਗ ਦੇ ਮਾਲੀਆਂ ਨੇ ਫੁੱਲਾਂ ਦੀ ਵਰਤੋਂ ਕਰਕੇ ਜਾਨਵਰਾਂ, ਪੰਛੀਆਂ ਤੇ ਹੋਰ ਢਾਂਚਿਆਂ ਦੇ ਵੱਖ-ਵੱਖ ਮਾਡਲ ਬਣਾ ਕੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਵੀ ਕੀਤਾ | ਸਿਤਾਰਵਾਦਕ ਰਜ਼ਨੀ ਸ਼ਰਮਾ ਤੇ ਆਰਟ ਕਲਾਕ੍ਰਿਤਾਂ ਨਾਲ ਚੰਗਾ ਨਾਮਣਾ ਖੱਟਣ ਵਾਲੀ ਪੂਨਮ ਮੋਰੀਆ ਨੇ ਪ੍ਰਸ਼ਾਸਨ ਦੇ ਇਸ ਕਾਰਜ ਨੂੰ ਸਲਾਹਿਆ | ਸੱਭਿਆਚਾਰਕ ਪ੍ਰੋਗਰਾਮ 'ਚ ਰਾਜਸਥਾਨੀ ਅਤੇ ਪੰਜਾਬ ਦੇ ਲੋਕ ਨਾਚ, ਭੰਗੜਾ, ਸੂਫੀ ਸੰਗੀਤ ਤੇ ਮੁਸ਼ਾਇਰਾ ਦਾ ਵੀ ਸਰੋਤਿਆਂ ਨੇ ਆਨੰਦ ਮਾਣਿਆ, ਜਿਸ 'ਚ ਸਕੂਲੀ ਵਿਦਿਆਰਥੀਆਂ ਅਤੇ ਕਲਾਕਾਰਾਂ ਵਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ |
ਚੰਡੀਗੜ੍ਹ ਵਿਖੇ 38ਵਾਂ ਗੁਲਦਾਊਦੀ ਸ਼ੋਅ ਸਮਾਪਤ
ਅਜੀਤ ਡੈਸਕ
22-12-2025