08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪਤੀ-ਪਤਨੀ ਦਾ ਘਰੇਲੂ ਵਿਵਾਦ ਸੋਸ਼ਲ ਮੀਡੀਆ ਤੱਕ ਪੁੱਜਾ, ਫਰਜ਼ੀ ਇੰਸਟਾਗ੍ਰਾਮ ਆਈ.ਡੀ. ਬਣਾਉਣ ਦੇ ਦੋਸ਼ ਹੇਠ ਪਤਨੀ ਖ਼ਿਲਾਫ਼ ਕੇਸ ਦਰਜ

ਜ਼ੀਰਕਪੁਰ (ਮੋਹਾਲੀ), 8 ਅਕਤੂਬਰ- ਪਤੀ-ਪਤਨੀ ਵਿਚਾਲੇ ਚੱਲ ਰਿਹਾ ਘਰੇਲੂ ਵਿਵਾਦ ਹੁਣ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਨੂੰ...

Ad Position 21
No active advertisement
ਅਜੀਤ ਡੈਸਕ 08-10-2026

ਜ਼ੀਰਕਪੁਰ (ਮੋਹਾਲੀ), 8 ਅਕਤੂਬਰ- ਪਤੀ-ਪਤਨੀ ਵਿਚਾਲੇ ਚੱਲ ਰਿਹਾ ਘਰੇਲੂ ਵਿਵਾਦ ਹੁਣ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਨੂੰ ਬਦਨਾਮ ਕਰਨ ਦੇ ਦੋਸ਼ਾਂ ਕਾਰਨ ਸਾਈਬਰ ਕ੍ਰਾਈਮ ਥਾਣੇ ਤੱਕ ਪਹੁੰਚ ਗਿਆ ਹੈ। ਮੁਹਾਲੀ ਦੇ ਫੇਜ਼-10 ਵਾਸੀ ਜਸਮੀਤ ਸਿੰਘ ਬੱਤਰਾ ਨੇ ਆਪਣੀ ਪਤਨੀ ਪ੍ਰੇਮਜੀਤ ਕੌਰ ’ਤੇ ਉਸ ਦੇ ਨਾਂ ਨਾਲ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਬਣਾ ਕੇ ਸਮਾਜ ਵਿਚ ਉਸ ਦਾ ਅਕਸ ਖ਼ਰਾਬ ਕਰਨ ਦੇ ਦੋਸ਼ ਲਾਏ ਹਨ। ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਏ ਤਕਨੀਕੀ ਰਿਕਾਰਡ ਦੇ ਆਧਾਰ ’ਤੇ ਸਾਈਬਰ ਕ੍ਰਾਈਮ ਥਾਣਾ ਐੱਸ.ਏ.ਐੱਸ. ਨਗਰ ਵਿਖੇ ਆਈ.ਟੀ. ਐਕਟ ਦੀ ਧਾਰਾ 66-ਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਜਸਮੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਅਗਸਤ 2020 ਵਿਚ Shaadi.com ਰਾਹੀਂ ਪ੍ਰੇਮਜੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਵਿਚਾਲੇ ਮਤਭੇਦ ਪੈਦਾ ਹੋ ਗਏ ਅਤੇ ਮਾਮਲਾ ਕਾਨੂੰਨੀ ਵਿਵਾਦਾਂ ਤੱਕ ਪਹੁੰਚ ਗਿਆ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਂ ਨਾਲ Jassjeetbatra30, Jasjeet7739, Jasmeetbatra420 ਅਤੇ Jasmeet_Batra ਨਾਂ ਦੀਆਂ ਫਰਜ਼ੀ ਇੰਸਟਾਗ੍ਰਾਮ ਆਈਡੀਜ਼ ਬਣਾਈਆਂ ਗਈਆਂ ਹਨ। ਉਸ ਨੇ ਦੋਸ਼ ਲਾਇਆ ਕਿ ਇਨ੍ਹਾਂ ਅਕਾਊਂਟਾਂ ਰਾਹੀਂ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਮੈਟਾ ਤੋਂ ਮਿਲੇ ਰਿਕਾਰਡ ਨੇ ਖੋਲ੍ਹੇ ਜਾਂਚ ਦੇ ਨਵੇਂ ਪਹਿਲੂ

ਸਾਈਬਰ ਕ੍ਰਾਈਮ ਥਾਣੇ ਦੇ ਇੰਸਪੈਕਟਰ ਗੌਰਵਬੰਸ ਸਿੰਘ ਵਲੋਂ ਕੀਤੀ ਜਾਂਚ ਦੌਰਾਨ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੈਟਾ ਤੋਂ ਅਕਾਊਂਟਾਂ ਨਾਲ ਸਬੰਧਤ ਤਕਨੀਕੀ ਜਾਣਕਾਰੀ ਮੰਗਵਾਈ ਗਈ। ਜਾਂਚ ਵਿਚ ਦੋ ਮੋਬਾਈਲ ਨੰਬਰ ਅਤੇ ਇਕ ਈ.ਮੇਲ. ਆਈ.ਡੀ. ਇਨ੍ਹਾਂ ਅਕਾਊਂਟਾਂ ਨਾਲ ਜੁੜੇ ਮਿਲੇ। ਪੁਲਿਸ ਅਨੁਸਾਰ ਦੋਵੇਂ ਮੋਬਾਈਲ ਨੰਬਰ ਪ੍ਰੇਮਜੀਤ ਕੌਰ ਦੇ ਨਾਂ ’ਤੇ ਰਜਿਸਟਰਡ ਪਾਏ ਗਏ।

ਪੁੱਛਗਿੱਛ ਦੌਰਾਨ ਪ੍ਰੇਮਜੀਤ ਕੌਰ ਨੇ ਮੋਬਾਈਲ ਨੰਬਰ ਆਪਣੇ ਨਾਂ ’ਤੇ ਹੋਣ ਦੀ ਗੱਲ ਮੰਨੀ, ਪਰ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਬਣਾਉਣ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਇਹ ਨੰਬਰ ਇਸ ਸਮੇਂ ਉਸ ਕੋਲ ਨਹੀਂ ਹਨ ਅਤੇ ਉਸ ਨੂੰ ਨਹੀਂ ਪਤਾ ਕਿ ਇਨ੍ਹਾਂ ਦੀ ਵਰਤੋਂ ਕੌਣ ਕਰ ਰਿਹਾ ਹੈ।

ਇਕ ਹੋਰ ਔਰਤ ਦੀ ਸ਼ਿਕਾਇਤ ਵੀ ਆਈ ਸਾਹਮਣੇ

ਜਾਂਚ ਦੌਰਾਨ ਦੀਪਸ਼ਿਖਾ ਨਾਂ ਦੀ ਔਰਤ ਵਲੋਂ ਦਿੱਤੀ ਗਈ ਆਨਲਾਈਨ ਸ਼ਿਕਾਇਤ ਵੀ ਸਾਹਮਣੇ ਆਈ। ਉਸ ਨੇ ਦੋਸ਼ ਲਾਇਆ ਸੀ ਕਿ deepgurung01 ਨਾਂ ਦੀ ਫਰਜ਼ੀ ਇੰਸਟਾਗ੍ਰਾਮ ਆਈਡੀ ਬਣਾ ਕੇ ਉਸ ਦੇ ਜਾਣਕਾਰਾਂ ਨੂੰ ਫਰੈਂਡ ਰਿਕਵੈਸਟਾਂ ਅਤੇ ਸੁਨੇਹੇ ਭੇਜੇ ਗਏ ਸਨ। ਸ਼ਿਕਾਇਤ ਤੋਂ ਬਾਅਦ ਉਕਤ ਅਕਾਊਂਟ ਬੰਦ ਕਰ ਦਿੱਤਾ ਗਿਆ ਸੀ।

ਪੁਲਿਸ ਨੇ ਜਾਂਚ ਰਿਪੋਰਟ ਅਤੇ ਉੱਚ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਹੁਣ ਪੁਲਿਸ ਇਹ ਪਤਾ ਲਗਾਉਣ ਵਿਚ ਜੁਟੀ ਹੋਈ ਹੈ ਕਿ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਅਸਲ ਵਿਚ ਕਿਸ ਨੇ ਬਣਾਏ ਅਤੇ ਇਨ੍ਹਾਂ ਨੂੰ ਕੌਣ ਚਲਾ ਰਿਹਾ ਸੀ। ਫਿਲਹਾਲ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਸੁਕਮਾ ’ਚ ਆਈ.ਈ.ਡੀ. ਧਮਾਕਾ, ਸੀ.ਆਰ.ਪੀ.ਐੱਫ. ਦੇ 4 ਜਵਾਨ ਜ਼ਖ਼ਮੀ ਅਗਲੀ ਖ਼ਬਰ ਮੱਕਾ ਸਮਝੌਤੇ ਤਹਿਤ ਪਾਕਿਸਤਾਨੀ ਜੈੱਟਾਂ ਨੇ ਯਮਨ ਵਿਚ ਹੂਤੀ ਟਿਕਾਣਿਆਂ 'ਤੇ ਹਮਲੇ ਕੀਤੇ
Ad Position 24