ਐੱਸ. ਏ. ਐੱਸ. ਨਗਰ, 24 ਦਸੰਬਰ (ਕਪਿਲ ਵਧਵਾ)-ਸੀ. ਆਈ. ਏ. ਸਟਾਫ਼ ਨੇ ਨਾਕਾਬੰਦੀ ਦੌਰਾਨ ਵੱਡੀ ਕਾਰਵਾਈ ਕਰਦੇ ਹੋਏ ਨਾਜਾਇਜ਼ ਹਥਿਆਰਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਜਗਤਾਰ ਸਿੰਘ ਉਰਫ਼ ਜੱਗੀ (46) ਅਤੇ ਦੰਸ਼ਵੀਰ ਸਿੰਘ (27) ਵਜੋਂ ਹੋਈ ਹੈ | ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਇਸ ਬਾਬਤ ਜਾਣਕਾਰੀ ਦਿੰਦਿਆਂ ਐੱਸ. ਪੀ. (ਜਾਂਚ) ਸੌਰਵ ਜਿੰਦਲ ਨੇ ਦੱਸਿਆ ਕਿ 23 ਦਸੰਬਰ ਨੂੰ ਸੀ. ਆਈ. ਏ. ਸਟਾਫ਼ ਦੀ ਇਕ ਟੀਮ ਨਾਕਾਬੰਦੀ ਦੌਰਾਨ ਕਿ੍ਸਚਨ ਸਕੂਲ ਖਰੜ ਨੇੜੇ ਮੌਜੂਦ ਸੀ | ਇਸੇ ਦੌਰਾਨ ਸ਼ੱਕ ਦੇ ਆਧਾਰ ਚੰਡੀਗੜ੍ਹ ਨੰਬਰ ਦੀ ਇਕ ਕਾਰ ਨੂੰ ਰੋਕਿਆ ਗਿਆ, ਜਿਸ 'ਚ ਦੋ ਵਿਅਕਤੀ ਸਵਾਰ ਸਨ | ਕਾਰ ਦੀ ਤਲਾਸ਼ੀ ਲੈਣ 'ਤੇ ਡੈਸ਼ਬੋਰਡ 'ਚੋਂ ਇਕ .32 ਬੋਰ ਪਿਸਤੌਲ ਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ | ਪੁਲਿਸ ਵਲੋਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਖਰੜ ਵਿਖੇ ਆਰਮਜ਼ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਰਿਮਾਂਡ ਦੌਰਾਨ ਪੁਲਿਸ ਇਹ ਜਾਂਚ ਕਰੇਗੀ ਕਿ ਮੁਲਜ਼ਮ ਇਹ ਨਾਜਾਇਜ਼ ਹਥਿਆਰ ਕਿਥੋਂ ਲੈ ਕੇ ਆਏ ਸਨ ਤੇ ਉਨ੍ਹਾਂ ਦਾ ਮਕਸਦ ਕੀ ਸੀ | ਜ਼ਿਕਰਯੋਗ ਹੈ ਕਿ ਮੁੱਖ ਮੁਲਜ਼ਮ ਜਗਤਾਰ ਸਿੰਘ ਉਰਫ਼ ਜੱਗੀ ਖ਼ਿਲਾਫ਼ ਪਹਿਲਾਂ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਥਾਣਿਆਂ ਵਿਚ ਨਸ਼ਾ ਤਸਕਰੀ ਦੇ ਤਿੰਨ ਮਾਮਲੇ ਤੇ ਕਤਲ ਦਾ ਇਕ ਮਾਮਲਾ ਦਰਜ ਹੈ, ਜਦਕਿ ਥਾਣਾ ਰਾਜਪੁਰਾ ਵਿਖੇ ਵੀ ਉਸ ਖ਼ਿਲਾਫ਼ ਇਕ ਕਤਲ ਦਾ ਮਾਮਲਾ ਦਰਜ ਹੋ ਚੁੱਕਾ ਹੈ | ਪੁਲਿਸ ਵਲੋਂ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |