ਡੇਰਾਬੱਸੀ, 28 ਦਸੰਬਰ (ਰਣਬੀਰ ਸਿੰਘ ਪੜ੍ਹੀ)-ਬੰਗਲਾਦੇਸ਼ 'ਚ ਹਿੰਦੂ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਤੇ ਘੱਟ ਗਿਣਤੀਆਂ ਭਾਈਚਾਰੇ 'ਤੇ ਹੋ ਰਹੇ ਜੁਲਮਾਂ ਦੇ ਵਿਰੋਧ 'ਚ ਸ਼ਿਵ ਸੈਨਾ ਹਿੰਦ ਵਲੋਂ ਡੇਰਾਬੱਸੀ 'ਚ ਇਕ ਸ਼ਾਂਤਮਈ ਪੈਦਲ ਰੋਸ ਮਾਰਚ ਕੱਢਿਆ ਜੋ ਡੇਰਾਬੱਸੀ ਬਰਵਾਲਾ ਰੋਡ 'ਤੇ ਭਗਤ ਸਿੰਘ ਨਗਰ ਤੋਂ ਸ਼ੁਰੂ ਹੋ ਕੇ ਡੇਰਾਬੱਸੀ ਬੱਸ ਅੱਡੇ 'ਤੇ ਸਮਾਪਤ ਹੋਇਆ | ਇਸ ਮੌਕੇ ਸ਼ਿਵ ਸੈਨਾ ਹਿੰਦ ਵਲੋਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਵੀ ਫੂਕਿਆ | ਜਾਣਕਾਰੀ ਅਨੁਸਾਰ ਸ਼ਿਵ ਸੈਨਾ ਹਿੰਦ ਪੰਜਾਬ ਦੇ ਉਪ ਪ੍ਰਧਾਨ ਦੀਪਕ ਸ਼ਰਮਾ ਤੇ ਰਾਸ਼ਟਰੀ ਜਨਰਲ ਸਕੱਤਰ ਦੀਪਾਂਸ਼ੂ ਸੂਦ ਅਤੇ ਸੰਗਠਨ ਦੇ ਯੂਥ ਵਾਈਸ ਪ੍ਰਧਾਨ ਕੁਸ਼ਪ੍ਰੀਤ ਲਾਡੀ ਦੀ ਅਗਵਾਈ 'ਚ ਕੱਢੇ ਰੋਸ ਮਾਰਚ 'ਚ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਰੋਸ ਮਾਰਚ ਦੌਰਾਨ ਮੰਗ ਕੀਤੀ ਕਿ ਹਿੰਦੂਆਂ 'ਤੇ ਅੱਤਿਆਚਾਰ ਬੰਦ ਕੀਤਾ ਜਾਵੇ ਤੇ ਘੱਟ ਗਿਣਤੀਆਂ ਦੀ ਸਰਕਾਰ ਸੁਰੱਖਿਆ ਦਾ ਪ੍ਰਬੰਧ ਕਰੇ | ਉਨ੍ਹਾਂ ਰੋਸ ਮਾਰਚ ਦੇ ਅੰਤ 'ਤੇ ਬੰਗਲਾਦੇਸ਼ 'ਚ ਹੋ ਰਹੀ ਹਿੰਸਾ ਤੇ ਸਰਕਾਰ ਦੀ ਨਾਕਾਮੀ ਦੇ ਵਿਰੋਧ ਵਜੋਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਾ ਪ੍ਰਤੀਕਾਤਮਕ ਪੁਤਲਾ ਫੂਕਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਵਿਰੋਧ ਕਿਸੇ ਦੇਸ਼ ਦੀ ਆਮ ਜਨਤਾ ਦੇ ਖ਼ਿਲਾਫ਼ ਨਹੀਂ, ਸਗੋਂ ਉਸ ਪ੍ਰਣਾਲੀ ਵਿਰੁੱਧ ਹੈ ਜੋ ਆਪਣੇ ਨਾਗਰਿਕਾਂ ਦੀ ਸੁਰੱਖਿਆ ਨਹੀਂ ਕਰ ਸਕੀ | ਇਸ ਮੌਕੇ ਦੀਪਕ ਸ਼ਰਮਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਹਮੇਸ਼ਾ ਜੁਲਮ ਦੇ ਖ਼ਿਲਾਫ਼ ਆਵਾਜ਼ ਚੁੱਕਦੀ ਰਹੇਗੀ | ਉਨ੍ਹਾਂ ਕਿਹਾ ਕਿ ਅੱਜ ਇਸ ਹੱਤਿਆ ਖ਼ਿਲਾਫ਼ ਆਵਾਜ਼ ਨਾ ਉਠਾਈ ਗਈ ਤਾਂ ਕੱਲ੍ਹ ਕੋਈ ਹੋਰ ਇਸਦਾ ਸ਼ਿਕਾਰ ਬਣ ਸਕਦਾ ਹੈ | ਇਸ ਸੰਬੰਧੀ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਤੇ ਮਨੁੱਖੀ ਅਧਿਕਾਰ ਸੰਸਥਾਵਾਂ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ | ਰੋਸ ਮਾਰਚ 'ਚ ਰਾਮਿੰਦਰ ਅਰੋੜਾ (ਸ਼ਿਵ ਸੈਨਾ ਸ਼ਿੰਦੇ), ਨਰਿੰਦਰ ਮੋਹਨ ਸ਼ਰਮਾ, ਰਿੰਕਾ ਸ਼ਰਮਾ, ਮੰਗਲ ਸੈਣੀ, ਰੌਕੀ ਪ੍ਰਧਾਨ, ਦੀਪਕ ਚੌਧਰੀ, ਬਿੱਲਾ ਤੇ ਮਨਪ੍ਰੀਤ ਸਮੇਤ ਵੱਡੀ ਗਿਣਤੀ 'ਚ ਕਾਰਕੁਨ ਸ਼ਾਮਿਲ ਸਨ |