ਰਾਮਾਂ ਮੰਡੀ, 2 ਜੂਨ (ਤਰਸੇਮ ਸਿੰਗਲਾ)-ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ ਵਲੋਂ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਿਖੇ ਆਪਣੀ ਟਰਾਂਸਪੋਰਟ ਅਤੇ ਲਾਜਿਸਟਿਕਸ ਵਲੋਂ ਜੁੜੀ ਵਰਕ ਫੋਰਸ ਲਈ ਮੈਗਾ ਮੁਫ਼ਤ ਸਿਹਤ ਜਾਂਚ ਮੁਹਿੰਮ ਦੀ ਰਸਮੀ ਸ਼ੁਰੂਆਤ ਐਚਐਮਈਐਲ ਦੇ ਸੀਓਓ ਐਮ.ਬੀ. ਗੋਹਿਲ ਵਲੋਂ ਅੱਖਾਂ ਅਤੇ ਸਿਹਤ ਜਾਂਚ ਦੇ ਕੈਂਪ ਦਾ ਉਦਘਾਟਨ ਕਰਕੇ ਕੀਤੀ | ਇਸ ਮੌਕੇ ਗੋਹਿਲ ਨੇ ਕਿਹਾ ਕਿ ਸਿਹਤਮੰਦ ਅਤੇ ਸੁਰੱਖਿਅਤ ਕਾਰਜ ਸਥਲ ਦੀ ਸਥਾਪਨਾ ਸਿਰਫ਼ ਕੰਪਨੀ ਦੀ ਨੀਤੀ ਨਹੀਂ, ਸਗੋਂ ਇਕ ਸੰਕਲਪ ਹੈ, ਜਿਸਨੂੰ ਅਸੀਂ ਜ਼ਮੀਨ 'ਤੇ ਲਿਆਂਦੇ ਹੋਏ ਹਰ ਵਰਕਰ ਤੱਕ ਪਹੁੰਚ ਕਰ ਰਹੇ ਹਾਂ | ਇਹ ਮੁਹਿੰਮ ਸਿਰਫ਼ ਸਰੀਰਕ ਜਾਂਚ ਨਹੀਂ, ਸਗੋਂ ਜਾਗਰੂਕਤਾ, ਰੋਕਥਾਮ ਅਤੇ ਸੁਚੱਜੀ ਜੀਵਨਸ਼ੈਲੀ ਵੱਲ ਇਕ ਲੰਮਾ ਕਦਮ ਹੈ | ਇਸ ਮੁਹਿੰਮ ਦਾ ਉਦੇਸ਼ ਟੈਂਕਰ/ਟਰੱਕ ਚਾਲਕਾਂ, ਟਰਾਂਸਪੋਰਟ ਸਟਾਫ਼ ਅਤੇ ਹੋਰ ਸਹਿਕਰਮੀਆਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ, ਜੋ ਅਕਸਰ ਆਪਣੀ ਮੋਬਾਈਲ ਦੀ ਆਦਤ ਕਾਰਨ ਸਿਹਤ ਦੀ ਪਹੁੰਚ ਤੋਂ ਦੂਰ ਰਹਿ ਜਾਂਦੇ ਹਨ | ਮੁਹਿੰਮ ਤਹਿਤ ਮਈ 2025 ਤੋਂ ਮਈ 2026 ਤੱਕ ਹਰ ਮਹੀਨੇ ਤਿੰਨ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ, ਜਿਨ੍ਹਾਂ ਵਿਚ ਆਮ ਸਿਹਤ ਜਾਂਚ, ਅੱਖਾਂ ਦੀ ਜਾਂਚ ਅਤੇ ਆਯੂਰਵੈਦਿਕ ਸਲਾਹ ਅਤੇ ਇਲਾਜ ਸ਼ਾਮਿਲ ਹੋਣਗੇ | ਇਹ ਮੁਹਿੰਮ ਸਿਵਲ ਹਸਪਤਾਲ ਬਠਿੰਡਾ, ਇਕਜੋਤ ਆਈ ਹਸਪਤਾਲ ਅਤੇ ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਟੀ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ | ਪਹਿਲੇ ਦਿਨ ਦੇ ਕੈਂਪ 'ਚ ਦਰਜਨਾਂ ਟਰੱਕ ਚਾਲਕਾਂ ਅਤੇ ਸਟਾਫ਼ ਮੈਂਬਰਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤੀ, ਯੋਗ ਅਤੇ ਤੰਦਰੁਸਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਨ੍ਹਾਂ ਉਪਰਾਲਿਆਂ ਦਾ ਮੁੱਖ ਉਦੇਸ਼ ਸੜਕ ਸੁਰੱਖਿਆ ਵਧਾਉਣ ਅਤੇ ਦੁਰਘਟਨਾਵਾਂ ਨੂੰ ਰੋਕਣਾ ਹੈ |