ਰਾਮਾਂ ਮੰਡੀ, 2 ਜੂਨ (ਤਰਸੇਮ ਸਿੰਗਲਾ)-ਸਰਕਾਰ ਵਲੋਂ ਚਲਾਈ ਗਈ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਸਿਰਫ਼ ਇਕ ਡਰਾਮਾ ਬਣ ਕੇ ਰਹਿ ਗਈ ਹੈ | ਇਹ ਬਿਆਨ ਦਿੰਦੇ ਹੋਏ ਸਥਾਨਕ ਸੁਨੀਤਾ ਬਾਂਸਲ ਐਮ. ਸੀ. ਪਤਨੀ ਓਮ ਪ੍ਰਕਾਸ਼ ਨਿੱਕਾ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਮਹਿਲਾਵਾਂ ਦੇ ਜਣੇਪਿਆਂ ਦੇ ਪ੍ਰਬੰਧ ਨਾਮਾਤਰ ਹਨ ਅਤੇ ਨਿੱਜੀ ਹਸਪਤਾਲਾਂ ਵਿਚ ਜਣੇਪਾ ਕਰਾਉਣਾ ਹਰੇਕ ਪਰਿਵਾਰ ਦੇ ਵੱਸ ਦੀ ਗੱਲ ਨਹੀਂ ਹੈ | ਸ਼੍ਰੀਮਤੀ ਬਾਂਸਲ ਨੇ ਕਿਹਾ ਕਿ ਜਣੇਪੇ ਤੋਂ ਪਹਿਲਾਂ ਮਹਿਲਾਵਾਂ ਨੂੰ ਕਈ ਵਾਰ ਅਲਟਰਾਸਾਊਾਡ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ, ਜਿਸ ਦੀ ਸਹੂਲਤ ਬਹੁਤੇ ਸਰਕਾਰੀ ਹਸਪਤਾਲਾਂ ਵਿਚ ਹੈ ਹੀ ਨਹੀਂ | ਇਸ ਲਈ ਅਲਟਰਾਸਾਊਾਡ ਨਿੱਜੀ ਹਸਪਤਾਲਾਂ ਵਿਚੋਂ ਕਰਾਉਣ ਲਈ ਮਹਿਲਾਵਾਂ ਨੂੰ ਮਜ਼ਬੂਰ ਹੋਣਾ ਪੈਂਦਾ ਹੈ | ਅਲਟਰਾਸਾਊਾਡ ਕਰਦੇ ਸਮੇਂ ਦੌਰਾਨ ਹੀ ਉਥੇ ਮੌਜੂਦ ਸਟਾਫ਼ ਵਲੋਂ ਮਹਿਲਾਵਾਂ ਨੂੰ ਜਣੇਪਾ ਨਿੱਜੀ ਹਸਪਤਾਲਾਂ ਵਿਚੋਂ ਕਰਾਉਣ ਲਈ ਜ਼ੋਰ ਪਾਇਆ ਜਾਂਦਾ ਹੈ | ਸ਼੍ਰੀਮਤੀ ਬਾਂਸਲ ਨੇ ਕਿਹਾ ਕਿ ਜਦੋਂ ਸਰਕਾਰੀ ਹਸਪਤਾਲਾਂ ਵਿਚ ਮਹਿਲਾਵਾਂ ਦੇ ਜਣੇਪੇ ਲਈ ਲੋੜੀਂਦੀਆਂ ਸਾਰੀਆਂ ਸਹੂਲਤਾਂ ਉਪਲੱਬਧ ਹੀ ਨਹੀਂ ਹਨ ਤਾਂ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਦਾ ਮਤਲਬ ਹੀ ਕੀ ਰਹਿ ਗਿਆ ਹੈ | ਸ਼੍ਰੀਮਤੀ ਬਾਂਸਲ ਨੇ ਮੰਗ ਕੀਤੀ ਹੈ ਕਿ ਹਰ ਮਹੀਨੇ ਸਥਾਨਕ ਸਿਵਲ ਹਸਪਤਾਲ ਵਿਚ ਮਹਿਲਾਵਾਂ ਦੇ ਹੋਣ ਵਾਲੇ ਜਣੇਪਿਆਂ ਦੀ ਰਿਪੋਰਟ ਜਨਤਕ ਕੀਤੀ ਜਾਵੇ |