ਬਠਿੰਡਾ, 2 ਜੂਨ (ਪੱਤਰ ਪ੍ਰੇਰਕ)-ਬਠਿੰਡਾ ਸ਼ਹਿਰ ਦੇ ਲਾਲ ਸਿੰਘ ਬਸਤੀ ਵਿਚ ਇੱਕ ਅਣਪਛਾਤੇ ਵਿਅਕਤੀ ਨੇ 14 ਸਾਲਾ ਨਾਬਾਲਗ ਬੱਚੇ ਨੂੰ ਅਗਵਾ ਕਰ ਲਿਆ | ਬੱਚੇ ਦੇ ਪਰਿਵਾਰ ਵਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਥਾਣਾ ਕੈਨਾਲ ਕਾਲੋਨੀ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਕੈਨਾਲ ਕਾਲੋਨੀ ਵਿਚ ਦਰਜ ਕਰਵਾਏ ਬਿਆਨ 'ਚ ਲਾਲ ਸਿੰਘ ਬਸਤੀ ਬਠਿੰਡਾ ਦੀ ਰਹਿਣ ਵਾਲੀ ਸੁਖਜੀਤ ਕੌਰ ਨੇ ਦੱਸਿਆ ਕਿ ਉਸ ਦਾ 14 ਸਾਲਾ ਪੁੱਤਰ ਏਕਮਨੂਰ ਸਿੰਘ 15 ਮਈ ਨੂੰ ਰੋਜ਼ਾਨਾ ਵਾਂਗ ਘਰੋਂ ਕੰਮ 'ਤੇ ਗਿਆ ਸੀ, ਪਰ ਵਾਪਸ ਨਹੀਂ ਆਇਆ | ਪੀੜਤਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਉਸ ਦੇ ਪੁੱਤਰ ਨੂੰ ਅਗਵਾ ਕਰ ਲਿਆ ਹੈ | ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੀੜ੍ਹਤ ਦੀ ਸ਼ਿਕਾਇਤ ਦੇ ਅਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |