ਭਗਤਾ ਭਾਈਕਾ, 21 ਅਕਤੂਬਰ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਦਾ ਕੈਲਗਰੀ (ਕੈਨੇਡਾ) ਦੌਰੇ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਜਥੇਦਾਰ ਫੁੰਮਣ ਸਿੰਘ ਭਗਤਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਚਰਚਾ ਕੀਤੀ | ਉਨ੍ਹਾਂ ਦੱਸਿਆ ਕਿ ਇਸ ਮੌਕੇ ਜਸਰਾਜ ਸਿੰਘ ਹੱਲਣ ਐਮ ਪੀ, ਅਮਨਪ੍ਰੀਤ ਸਿੰਘ ਗਿੱਲ ਐਮ ਪੀ, ਦਲਵਿੰਦਰ ਸਿੰਘ ਗਿੱਲ ਐਮ ਪੀ, ਅਮਨਪ੍ਰੀਤ ਸਿੰਘ ਬੈਂਸ, ਬਲਵਿੰਦਰ ਸਿੰਘ ਮਾਂਗਟ, ਜਸਪਾਲ ਸਿੰਘ ਸ਼ੇਰਗਿੱਲ, ਮੋਨੂੰ ਕਾਲਕੇ ਮੈਂਬਰ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ, ਰਵਨੀਤ ਸਿੰਘ ਚੀਮਾ, ਅੰਮਿ੍ਤ ਸਿੰਘ ਹੇਅਰ, ਬੱਬੂ ਬੈਂਸ, ਸੁਖਵਿੰਦਰ ਸਿੰਘ ਚੋਹਲਾ ਸਾਹਿਬ ਆਦਿ ਨੇ ਜਸਰਾਜ ਸਿੰਘ ਐਮ ਪੀ ਦੇ ਦਫ਼ਤਰ ਵਿਖੇ ਦਲਜੀਤ ਸਿੰਘ ਚੀਮਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੈਨੇਡਾ ਵੱਸਦੇ ਪੰਜਾਬੀਆਂ ਵਿਚ ਪੰਜਾਬ ਦੀ ਖੇਤਰੀ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਲਈ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਲੋਕ ਹੁਣ ਆਪਣੇ ਆਪ ਨੂੰ ਠੱਗੇ-ਠੱਗੇ ਮਹਿਸੂਸ ਕਰ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਵੱਡੇ-ਵੱਡੇ ਝੂਠੇ ਵਾਅਦੇ ਕਰ ਕਰਕੇ ਸੱਤਾ ਵਿਚ ਆਈ ਆਪ ਸਰਕਾਰ ਝੂਠੀ ਬਿਆਨਬਾਰੀ ਕਰਕੇ ਲੋਕਾਂ ਨੂੰ ਮੁੜ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਆਪ ਸਰਕਾਰ ਝੂਠੀ ਇਸ਼ਤਿਹਾਰਬਾਜ਼ੀ 'ਤੇ ਪੰਜਾਬ ਦਾ ਕਰੋੜਾਂ ਰੁਪਏ ਪਾਣੀ ਵਾਂਗ ਵਹਾਅ ਕੇ ਪੰਜਾਬ ਨੂੰ ਕਰਜ਼ਾਈ ਕਰ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਹੁਣ ਆਪ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ ਹਨ |