ਮਾਨਸਾ, 21 ਅਕਤੂਬਰ (ਸਟਾਫ਼ ਰਿਪੋਰਟਰ)- ਨੇੜਲੇ ਪਿੰਡ ਭੈਣੀਬਾਘਾ ਦਾ ਕਿਸਾਨ ਜਗਤਾਰ ਸਿੰਘ ਤਾਰੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਸੁਪਰਸੀਡਰ ਨਾਲ ਖੇਤਾਂ 'ਚ ਹੀ ਵਾਹ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ | ਕਿਸਾਨ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਉੱਥੇ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ | ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਰਾਲੀ ਨੂੰ ਖੇਤਾਂ 'ਚ ਵਾਹੁਣ ਲਈ ਵੱਡੇ ਟਰੈਕਟਰਾਂ ਦੀ ਲੋੜ ਹੁੰਦੀ ਹੈ ਪਰ ਛੋਟੇ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ | ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ 'ਚ ਭਾਵੇਂ ਕੁਝ ਮਸ਼ੀਨਰੀ ਹੈ ਪਰ ਬਹੁਤੀ ਮਸ਼ੀਨਰੀ ਘਟੀਆ ਕਿਸਮ ਦੀ ਭੇਜੀ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਸਹਿਕਾਰੀ ਸਭਾਵਾਂ ਦੀ ਮਸ਼ੀਨਰੀ ਦੀ ਜਾਂਚ ਕਰਵਾਈ ਜਾਵੇ |