ਮਾਨਸਾ ਜ਼ਿਲ੍ਹੇ 'ਚ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ
ਅਜੀਤ ਡੈਸਕ
22-10-2025
ਗੁਰੂ ਘਰਾਂ 'ਚ ਸ਼ਰਧਾਲੂ ਹੋਏ ਨਤਮਸਤਕ
-ਬੰਦੀ ਛੋੜ ਦਿਵਸ ਮੌਕੇ ਅੱਜ ਸਵੇਰ ਵੇਲੇ ਜ਼ਿਲ੍ਹੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ 'ਚ ਸ਼ਰਧਾਲੂ ਨਤਮਸਤਕ ਹੋਏ | ਕਾਫ਼ੀ ਗੁਰੂ ਘਰਾਂ 'ਚ ਪਾਠ ਦੇ ਭੋਗ ਪਾਏ ਗਏ | ਦੇਰ ਸ਼ਾਮ ਗੁਰੂ ਘਰਾਂ 'ਚ ਮਨਮੋਹਕ ਦੀਪਮਾਲਾ ਕੀਤੀ ਗਈ | ਸੰਗਤਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਲੋੜ ਹੈ ਕਿ ਅਜੋਕੇ ਤੇਜ਼ ਤਰਾਰ ਜ਼ਮਾਨੇ 'ਚ ਧਾਰਮਿਕ ਰਹਿਬਰਾਂ ਵਲੋਂ ਦਿੱਤੇ ਆਦੇਸ਼ ਮੁਤਾਬਕ ਚੱਲਣ ਦੀ | ਬੰਦੀ ਛੋੜ ਦਿਵਸ ਮੌਕੇ ਸਿੱਖ ਸ਼ਰਧਾਲੂਆਂ ਵਲੋਂ ਖ਼ੁਸ਼ੀ 'ਚ ਪਟਾਕੇ ਵੀ ਚਲਾਏ ਗਏ |
ਸਿਰਫ਼ ਪਰਾਲੀ ਹੀ ਪ੍ਰਦੂਸ਼ਣ ਦਾ ਕਾਰਨ ਨਹੀਂ - ਕਿਸਾਨ ਆਗੂ
-ਦੂਸਰੇ ਪਾਸੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਆਖਣਾ ਹੈ ਕਿ ਪਰਾਲੀ ਸਾੜਨ ਨਾਲ ਹੀ ਪ੍ਰਦੂਸ਼ਣ ਨਹੀਂ ਫੈਲਦਾ ਬਲਕਿ ਇਸ ਦੇ ਬਹੁਤ ਕਾਰਨ ਹਨ | ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ, ਲੱਖੋਵਾਲ ਦੇ ਆਗੂ ਨਿਰਮਲ ਸਿੰਘ ਝੰਡੂਕੇ, ਕਿਸਾਨ ਆਗੂ ਪਰਮਜੀਤ ਸਿੰਘ ਗਾਗੋਵਾਲ, ਮਹਿੰਦਰ ਸਿੰਘ ਭੈਣੀਬਾਘਾ ਆਦਿ ਨੇ ਕਿਹਾ ਕਿ ਜ਼ਿਲ੍ਹੇ 'ਚ ਹਾਲੇ ਬਹੁਤ ਘੱਟ ਕਿਸਾਨਾਂ ਨੇ ਝੋਨੇ ਦੀ ਕਟਾਈ ਕੀਤੀ ਹੈ ਜਦਕਿ ਅੱਗ ਲਗਾਉਣ ਦੀਆਂ ਘਟਨਾਵਾਂ ਤਾਂ ਇੱਕੜ-ਦੁੱਕੜ ਹਨ | ਉਨ੍ਹਾਂ ਕਿਹਾ ਕਿ ਅੱਜ ਫੈਲੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਇਸ ਲਈ ਪ੍ਰਸ਼ਾਸਨ ਨੂੰ ਫ਼ੌਰੀ ਕਦਮ ਚੁੱਕ ਕੇ ਵੱਡੇ ਪਟਾਕੇ ਵੇਚਣ ਤੇ ਚਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪਰਾਲੀ ਸਾੜਨਾ ਕਿਸਾਨਾਂ ਦਾ ਸ਼ੌਕ ਨਹੀਂ ਬਲਕਿ ਮਜਬੂਰੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਪਰਾਲੀ ਪ੍ਰਬੰਧਨ ਲਈ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਤਾਂ ਕੋਈ ਵੀ ਕਿਸਾਨ ਪਰਾਲੀ ਨਹੀਂ ਸਾੜੇਗਾ | ਕਿਸਾਨ ਆਗੂਆਂ ਨੇ ਇਹ ਚਿਤਾਵਨੀ ਵੀ ਦਿੱਤੀ ਜੇਕਰ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਤਾਂ ਤਿੱਖਾ ਵਿਰੋਧ ਕੀਤਾ ਜਾਵੇਗਾ |
ਸਮਾਜ ਸੇਵੀ ਸੰਸਥਾਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਸਮਾਨ ਵੰਡਿਆ
ਮਾਤਾ ਗੁਜਰੀ ਜੀ ਭਲਾਈਕੇ ਅੰਦਰ ਲਾਡਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਲੋਕਾਂ ਦੇ ਸਹਿਯੋਗ ਨਾਲ 250 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਫਲ, ਮਠਿਆਈਆਂ ਅਤੇ ਹੋਰ ਜ਼ਰੂਰਤ ਦਾ ਸਮਾਨ ਦਿੱਤਾ ਗਿਆ | ਸੰਸਥਾ ਦੇ ਆਗੂ ਸੁਖਦਰਸ਼ਨ ਕਲਾਣਾ, ਬਲਜਿੰਦਰ ਸ਼ਰਮਾ, ਕਾ ਹਰਦਿਆਲ ਸਿੰਘ, ਰਜਿੰਦਰ ਵਰਮਾ, ਦਵਿੰਦਰ ਪਾਲ ਸਿੰਘ ਲਾਲਾ ਆਦਿ ਦਾ ਸਹਿਯੋਗ ਰਿਹਾ | ਇਸੇ ਤਰ੍ਹਾਂ ਨੇਕੀ ਫਾਊਾਡੇਸ਼ਨ ਵਲੋਂ ਤਹਿਸੀਲ ਦੇ ਲਗਪਗ ਸਾਰੇ ਪਿੰਡਾਂ ਵਿਚ 250 ਲੋੜਵੰਦ ਪਰਿਵਾਰਾਂ ਨੂੰ ਤਿਉਹਾਰ ਦੇ ਸਮਾਨ ਦੇ ਉਪਹਾਰ ਬਣਾ ਕੇ ਘਰੋਂ-ਘਰੀਂ ਭੇਜਿਆ ਗਿਆ |
ਮਾਲਵਾ ਕਾਲਜ 'ਚ ਦੀਵਾਲੀ ਸਬੰਧੀ ਸਮਾਗਮ ਕਰਵਾਇਆ
ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ ਅਨੁਸਾਰ- ਮਾਲਵਾ ਗਰੁੱਪ ਆਫ਼ ਕਾਲਜਿਜ਼ ਸਰਦੂਲੇਵਾਲਾ ਵਿਖੇ ਦੀਵਾਲੀ ਸਬੰਧੀ ਸਮਾਗਮ ਕਰਵਾਇਆ ਗਿਆ | ਮੈਨੇਜਿੰਗ ਡਾਇਰੈਕਟਰ ਰਾਜ ਸੋਢੀ ਨੇ ਤਿਉਹਾਰਾਂ ਦੀ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਸਿਲੇਬਸ ਵਿਦਿਆਰਥੀਆਂ ਨੂੰ ਪੜ੍ਹਾ ਦੇਣਾ ਹੀ ਕਾਫ਼ੀ ਨਹੀਂ ਹੁੰਦਾ ਸਗੋਂ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵਾਸਤੇ ਸਹਿ-ਅਕਾਦਮਿਕ ਗਤੀਵਿਧੀਆਂ ਰਾਹੀਂ ਹੁਨਰ ਨੂੰ ਸਾਹਮਣੇ ਲਿਆਉਣਾ ਬਹੁਤ ਮਹੱਤਵਪੂਰਨ ਹੈ | ਵਿਦਿਆਰਥਣਾਂ ਵਲੋਂ ਗਿੱਧਾ, ਕੋਰੀਓਗਰਾਫੀ, ਗੀਤ, ਗਰੁੱਪ ਗੀਤ, ਸਕਿੱਟਾਂ ਅਤੇ ਮਾਡਲਿੰਗ ਵਰਗੀਆਂ ਵੰਨਗੀਆਂ ਪੇਸ਼ ਕੀਤੀਆਂ ਗਈਆਂ | ਲੈਕਚਰਾਰ ਬਲਜੀਤ ਪਾਲ ਸਿੰਘ, ਪ੍ਰਭਜੀਤ, ਸੀਮਾ, ਅਰਸ਼ਪ੍ਰੀਤ ਅਤੇ ਗਗਨਦੀਪ ਆਦਿ ਹਾਜ਼ਰ ਸਨ |
ਦੀਵਾਲੀ ਦਾ ਤਿਉਹਾਰ ਲੋਕਾਂ ਨੇ ਉਤਸ਼ਾਹ ਪੂਰਵਕ ਮਨਾਇਆ
ਜੌੜਕੀਆਂ ਤੋਂ ਲੱਕਵਿੰਦਰ ਸ਼ਰਮਾ- ਦੀਵਾਲੀ ਦਾ ਤਿਉਹਾਰ ਲੋਕਾਂ ਲਈ ਭੰਬਲਭੂਸਾ ਬਣਿਆ ਰਿਹਾ ਫਿਰ ਵੀ ਬੀਤੇ ਦਿਨ ਦੀਵਾਲੀ ਦਾ ਤਿਉਹਾਰ ਲੋਕਾਂ ਨੇ ਉਤਸ਼ਾਹ ਪੂਰਵਕ ਮਨਾਇਆ ਗਿਆ | ਦੁਕਾਨਦਾਰਾਂ ਦੀ ਦੀਵਾਲੀ ਫਿੱਕੀ ਹੀ ਨਜ਼ਰ ਆਈ ਕਸਬੇ ਦੇ ਜ਼ਿਆਦਾਤਰ ਪਿੰਡਾਂ ਵਿਚ ਲੋਕਾਂ ਨੇ ਬਹੁਤ ਘੱਟ ਗਿਣਤੀ ਵਿਚ ਪਹਿਲੇ ਦਿਨ ਦੀ ਦੀਵਾਲੀ ਮਨਾਈ ਪਰ ਦੂਸਰੇ ਦਿਨ ਦੀ ਦੀਵਾਲੀ ਤੇ ਬੰਦੀ ਛੋੜ ਦਿਵਸ ਦਾ ਲੋਕਾਂ ਵਿਚ ਬੜਾ ਹੀ ਉਤਸ਼ਾਹ ਦਿਖਾਈ ਦੇ ਰਿਹਾ ਸੀ ਪਹਿਲੇ ਦਿਨ ਦੀ ਦੀਵਾਲੀ ਵਿਚ ਲੋਕਾਂ ਨੇ ਜਿੱਥੇ ਬਹੁਤ ਘੱਟ ਗਿਣਤੀ ਵਿਚ ਪਟਾਕੇ ਤੇ ਹੋਰ ਸਮਾਨ ਖ਼ਰੀਦਿਆ ਪਰ ਅੱਜ ਸਾਰਾ ਦਿਨ ਲੋਕ ਦੀਵਾਲੀ ਦੀ ਖ਼ਰੀਦੋ ਫ਼ਰੋਖ਼ਤ ਕਰਦੇ ਦੇਖੇ ਗਏ | ਲਵਲੀ ਸਵੀਟ ਹਾਊਸ ਬਹਿਣੀਵਾਲ ਦੇ ਮਾਲਕ ਰੂਪ ਸਿੰਘ ਸਮੇਤ ਕੁਝ ਹੋਰ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਸੋਮਵਾਰ ਨੂੰ ਉਨ੍ਹਾਂ ਦਾ ਸਮਾਨ ਮਠਿਆਈ ਤੇ ਪਟਾਕੇ ਬਹੁਤ ਹੀ ਘੱਟ ਵਿਕੇ ਹਨ ਪਰ ਅੱਜ ਦੁਕਾਨਾਂ ਉੱਤੇ ਗਾਹਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ |
ਕੋਟਧਰਮੂ ਸਕੂਲ 'ਚ ਮੁਕਾਬਲੇ ਕਰਵਾਏ
-ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਧਰਮੂ ਵਿਖੇ ਬੰਦੀ ਛੋੜ ਦਿਵਸ ਦੇ ਸਬੰਧ 'ਚ ਰੰਗੋਲੀ ਤੇ ਦੀਵਾ ਸਜਾਵਟ ਦੇ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਵਲੋਂ ਆਪਣੀਆਂ ਜਮਾਤਾਂ ਨੂੰ ਸਜਾਇਆ ਗਿਆ | ਪਿ੍ੰਸੀਪਲ ਸਤਵਿੰਦਰ ਕੌਰ ਨੇ ਹਾਊਸ ਇੰਚਾਰਜਾਂ ਅਤੇ ਸੀਨੀਅਰ ਅਧਿਆਪਕਾਂ ਨਾਲ ਸਕੂਲ ਕੈਂਪਸ ਦਾ ਦੌਰਾ ਕੀਤਾ ਅਤੇ ਬੱਚਿਆਂ ਦੀ ਸਜਾਵਟ ਦੀ ਹੌਸਲਾ ਅਫ਼ਜਾਈ ਕੀਤੀ ਗਈ | ਉਨ੍ਹਾਂ ਬੰਦੀ ਛੋੜ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਗੁਰੂਆਂ ਵਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ |
ਬੁਢਲਾਡਾ ਦੇ ਬਾਜ਼ਾਰਾਂ 'ਚ ਰਹੀ ਚਹਿਲ-ਪਹਿਲ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਦੀਵਾਲੀ ਦੇ ਤਿਉਹਾਰ ਮੌਕੇ ਸਥਾਨਕ ਸ਼ਹਿਰ ਦੇ ਬਾਜ਼ਾਰਾਂ ਚ ਵੀ ਖ਼ੂਬ ਰੌਣਕਾਂ ਦੇਖਣ ਨੂੰ ਮਿਲੀਆਂ | ਦੇਖਿਆ ਗਿਆ ਕਿ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਇਸ ਵਾਰ ਬੁਢਲਾਡਾ ਸ਼ਹਿਰ ਦੇ ਬਾਜ਼ਾਰਾਂ ਦੀ ਚਹਿਲ ਪਹਿਲ ਦੁੱਗਣੀ ਸੀ | ਪਿੰਡਾਂ ਦੇ ਲੋਕਾਂ ਨੇ ਵੀ ਪਰਿਵਾਰਾਂ ਸਮੇਤ ਸ਼ਹਿਰ ਆ ਕੇ ਖ਼ਰੀਦਦਾਰੀ ਕੀਤੀ | ਸ਼ਾਮ ਸਮੇਂ ਲੋਕਾਂ ਨੇ ਸ਼ਹਿਰ ਦੇ ਗੁਰੂ ਘਰਾਂ, ਮੰਦਰਾਂ ਤੇ ਹੋਰਨਾਂ ਧਾਰਮਿਕ ਅਸਥਾਨਾਂ ਤੇ ਜਾ ਕੇ ਦੀਵੇ ਜਗਾਏ ਅਤੇ ਸਵੇਰ ਸਮੇਂ ਗੁਰੂ ਘਰਾਂ ਵਿਚ ਬੰਦੀ ਛੋੜ ਦਿਵਸ ਮਨਾਉਣ ਸਬੰਧੀ ਕੀਰਤਨ ਸਰਵਣ ਕਰਨ ਲਈ ਵੀ ਵੱਡੀ ਗਿਣਤੀ ਸੰਗਤਾਂ ਪੁੱਜੀਆਂ |