ਤਲਵੰਡੀ ਸਾਬੋ, 21 ਅਕਤੂਬਰ (ਰਣਜੀਤ ਸਿੰਘ ਰਾਜੂ): 'ਬੰਦੀਛੋੜ ਦਿਵਸ' ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਜਿੱਥੇ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਸੰਗਤਾਂ ਮੱਥਾ ਟੇਕਣ ਲਈ ਪੁੱਜਦੀਆਂ ਰਹੀਆਂ, ਉੱਥੇ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਇਸ ਪਾਵਨ ਦਿਹਾੜੇ ਮੌਕੇ ਵਿਸ਼ੇਸ਼ ਤੌਰ 'ਤੇ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ | ਤਖਤ ਸਾਹਿਬ ਮੱਥਾ ਟੇਕਦਿਆਂ ਉਨ੍ਹਾਂ ਕੁਝ ਸਮਾਂ ਕੀਰਤਨ ਵੀ ਸਰਵਣ ਕੀਤਾ | ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁੱਡੀਆਂ ਨੇ ਕਿਹਾ ਕਿ ਬੰਦੀਛੋੜ ਦਿਵਸ ਮੌਕੇ ਹਰ ਸਿੱਖ ਗੁਰੂਘਰ ਨਤਮਸਤਕ ਹੋਣ ਲਈ ਪੁੱਜਦਾ ਹੈ ਅਤੇ ਉਹ ਵੀ ਇੱਕ ਸਿੱਖ ਹੋਣ ਨਾਤੇ ਤਖਤ ਸਾਹਿਬ ਮੱਥਾ ਟੇਕਣ ਲਈ ਪੁੱਜੇ ਹਨ | ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਨਤਮਸਤਕ ਹੋ ਕੇ ਇਸ ਲਈ ਵੀ ਬਹੁਤ ਸਕੂਨ ਮਿਲਦਾ ਹੈ ਕਿ ਇਹ ਉਹੀ ਪਾਵਨ ਧਰਤੀ ਹੈ ਜਿੱਥੇ ਦਸਮੇਸ਼ ਪਿਤਾ ਨੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਸੀ | ਖੇਤੀਬਾੜੀ ਮੰਤਰੀ ਨੇ ਇਸ ਮੌਕੇ ਕਿਸੇ ਕਿਸਮ ਦੀ ਵੀ ਸਿਆਸੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ | ਉਨ੍ਹਾਂ ਦੇ ਮੱਥਾ ਟੇਕਣ ਆਉਣ ਸਮੇਂ ਭਾਵੇਂ ਹਲਕੇ ਦੇ 'ਆਪ' ਆਗੂ ਜਾਂ ਵਰਕਰ ਤਾਂ ਨਜ਼ਰ ਨਹੀ ਆਏ, ਪਰ ਉਨ੍ਹਾਂ ਦੀ ਆਮਦ ਨੂੰ ਦੇਖਦਿਆਂ ਡੀ.ਐੱਸ.ਪੀ ਤਲਵੰਡੀ ਸਾਬੋ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀਆਂ ਜ਼ਰੂਰ ਤਖ਼ਤ ਸਾਹਿਬ ਕੰਪਲੈਕਸ ਨੇੜੇ ਤਾਇਨਾਤ ਦਿਖਾਈ ਦਿੱਤੀਆਂ |