ਰੂਪਨਗਰ, 1 ਜੂਨ (ਯਸ਼ਵੰਤ ਬੱਸੀ)-ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿਖੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਰੂਪ ਵਿਚ ਲੋਕਤੰਤਰਿਕ ਪ੍ਰਣਾਲੀ ਸਮਝਾਉਣ ਲਈ ਸਕੂਲ ਦੇ ਕੈਪਟਨ ਅਤੇ ਉਪ-ਕੈਪਟਨ ਲੜਕਾ, ਲੜਕੀ ਦੀ ਲੋਕਤੰਤਰੀ ਵੋਟ ਵਿਧੀ ਰਾਹੀਂ ਚੋਣ ਕੀਤੀ ਗਈ | ਵਿਦਿਆਰਥੀਆਂ ਅਤੇ ਸਮਾਜ ਨੂੰ ਭਾਰਤ ਦੇਸ਼ ਦੀ ਲੋਕਤੰਤਰਿਕ ਪ੍ਰਣਾਲੀ, ਵੋਟ ਦਾ ਅਧਿਕਾਰ ਅਤੇ ਮਤਦਾਨ ਕਰਨ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਸਬੰਧੀ ਸਰਕਾਰੀ ਸਕੂਲ ਕੋਟਲਾ ਨਿਹੰਗ ਵਿਖੇ ਸਕੂਲ ਦੀ ਸਫ਼ਾਈ, ਨਸ਼ਿਆਂ ਅਤੇ ਅਨੁਸ਼ਾਸਨ ਆਦਿ ਮੁੱਦਿਆਂ ਨੂੰ ਲੈ ਕੇ ਵੋਟਾਂ ਰਾਹੀਂ ਕੈਪਟਨ ਅਤੇ ਉਪ ਕੈਪਟਨ ਦੀ ਚੋਣ ਕੀਤੀ ਗਈ | ਇਹਨਾਂ ਚੋਣਾਂ ਵਿਚ ਕਪਤਾਨ ਦੇ ਲਈ ਵਿਦਿਆਰਥੀ ਅਨਸ ਅੰਸਾਰੀ, ਮਨ ਕੁਮਾਰ, ਹਰਲੀਨ, ਤਮੰਨਾ ਅਰਪਣ ਅਤੇ ਰਾਸ਼ੀ ਉਮੀਦਵਾਰ ਸਨ ਅਤੇ ਉਪ ਕਪਤਾਨ ਦੇ ਲਈ ਆਰਿਸ਼, ਸਤਵਿੰਦਰ, ਖੁਸ਼ਪ੍ਰੀਤ ਕੌਰ, ਲਕਛਮੀ, ਅਨਮੋਲ ਅਤੇ ਪ੍ਰਭਜੋਤ ਕੌਰ ਯੋਗ ਉਮੀਦਵਾਰ ਸਨ | ਇਹਨਾਂ ਵਿਦਿਆਰਥੀ ਚੋਣਾਂ ਦੌਰਾਨ ਲੜਕਾ ਕਪਤਾਨ ਦੇ ਲਈ ਅਨਸ ਅੰਸਾਰੀ ਨੇ 135 ਵੋਟਾਂ ਅਤੇ ਲੜਕੀ ਕਪਤਾਨ ਹਰਲੀਨ ਕੌਰ ਨੇ 69 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਅਤੇ ਉਪ ਕਪਤਾਨ ਦੇ ਲਈ ਆਰਿਸ਼ ਨੇ155 ਵੋਟਾਂ ਅਤੇ ਪ੍ਰਭਜੋਤ ਕੌਰ ਨੇ 63 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ | ਸਕੂਲ ਦੇ ਸਾਰੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਪ੍ਰਜਾਈਡਿੰਗ,ਅਸਿਸਟੈਂਟ ਪ੍ਰਜਾਈਡਿੰਗ,ਪੋਲਿੰਗ ਅਫ਼ਸਰ ਅਤੇ ਸਕਿਉਰਿਟੀ ਦੀ ਡਿਊਟੀ ਨਿਭਾਉਂਦੇ ਹੋਏ ਅਸਲ ਚੋਣਾਂ ਵਰਗਾ ਹੀ ਮਾਹੌਲ ਸਿਰਜਿਆ ਗਿਆ | ਇਸ ਚੋਣ ਪ੍ਰਕਿਰਿਆ ਉਪਰੰਤ ਸਕੂਲ ਮੁਖੀ ਸ੍ਰੀਮਤੀ ਸੋਨੀਆ ਨੇ ਕਿਹਾ ਕਿ ਚੰਗੇ ਸਿੱਖਿਅਤ ਵਿਦਿਆਰਥੀ ਹੀ ਆਉਣ ਵਾਲੇ ਭਵਿੱਖ ਵਿਚ ਇੱਕ ਮਜਬੂਤ ਲੋਕਤੰਤਰਿਕ ਅਤੇ ਭਿ੍ਸ਼ਟਾਚਾਰ ਮੁਕਤ ਦੇਸ਼ ਦਾ ਨਿਰਮਾਣ ਕਰ ਸਕਦੇ ਹਨ, ਇਸ ਲਈ ਸਾਡੇ ਵਿਦਿਆਰਥੀਆਂ ਦਾ ਸਿਰਫ਼ ਕਿਤਾਬੀ ਪੜ੍ਹਾਈ ਤੱਕ ਸੀਮਤ ਨਾ ਰਹਿ ਕੇ ਰਾਜਨੀਤੀ ਸਾਸ਼ਤਰ ਵਰਗੇ ਵਿਸ਼ਿਆਂ ਨੂੰ ਪ੍ਰੈਕਟਿਕਲ ਅਤੇ ਪ੍ਰਤੱਖ ਰੂਪ ਵਿਚ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ |