ਸ੍ਰੀ ਚਮਕੌਰ ਸਾਹਿਬ, 1 ਜੂਨ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਅੱਜ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 'ਛੇਵਾਂ ਦਰਿਆ'ਦੀ ਸਫਲ ਪੇਸ਼ਕਾਰੀ ਕੀਤੀ ਗਈ | ਸਕੂਲ ਦੇ ਵਿਦਿਆਰਥੀਆਂ ਵਲੋਂ ਖੇਡੇ ਇਸ ਨਾਟਕ ਦੇ ਕਲਾਕਾਰਾਂ ਵਲੋਂ ਆਪੋ ਆਪਣੇ ਕਿਰਦਾਰ ਬਾਖ਼ੂਬੀ ਨਿਭਾਏ | ਇਸ ਨਾਟਕ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਸੁਚੇਤ ਕਰਦਿਆਂ ਕਲਾਕਾਰਾਂ ਨੇ ਨਸ਼ਿਆਂ ਨਾਲ ਜੀਵਨ ਅਤੇ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਜ਼ਿਕਰ ਵੀ ਕੀਤਾ | ਇਸ ਉਪਰੰਤ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਪ੍ਰਣ ਕੀਤਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਲਿਆ | ਇਸ ਦੌਰਾਨ ਸੰਸਥਾਂ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ ਅਤੇ ਐਮ. ਡੀ. ਸ੍ਰੀਮਤੀ ਸਿੰਦਰਪਾਲ ਕੌਰ ਅਟਵਾਲ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਸਮੇਤ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਦੇਸ ਦੇ ਇੱਕ ਚੰਗੇ ਨਾਗਰਿਕ ਬਣਨ ਦੀ ਪ੍ਰੇਰਣਾ ਦਿੱਤੀ | ਪਿ੍ੰਸੀਪਲ ਸੁਰਜੀਤ ਸਿੰਘ ਨੇ ਪੰਜਾਬ ਸਰਕਾਰ ਨਸਿਆਂ ਖਿਲਾਫ ਛੇੜੀ ਮੁਹਿੰਮ 'ਯੁੱਧ ਨਸਿਆਂ ਵਿਰੁੱਧ' ਤਹਿਤ ਕੀਤੇ ਜਾ ਰਹੇ ਯਤਨ ਅੱਜ ਸੂਬੇ ਅੰਦਰ ਕਾਰਗਰ ਸਾਬਿਤ ਹੋ ਰਹੇ ਹਨ, ਨਸ਼ਿਆਂ ਨੂੰ ਖਤਮ ਕਰਨ ਲਈ ਸਾਨੂੰ ਹਰ ਇਨਸਾਨ ਨੂੰ ਸਰਕਾਰ ਦੀ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ | ਇਸ ਮੌਕੇ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ |