ਰੂਪਨਗਰ, 2 ਜੂਨ (ਸਟਾਫ਼ ਰਿਪੋਰਟਰ)-ਭਾਰਤੀ ਜਨਤਾ ਪਾਰਟੀ ਦੀ 'ਭਾਜਪਾ ਦੇ ਸੇਵਕ, ਆ ਗਏ ਤੁਹਾਡੇ ਦੁਆਰ' ਜਨ ਕਲਿਆਣ ਮੁਹਿੰਮ ਤਹਿਤ, ਹਲਕਾ ਰੂਪਨਗਰ ਦੇ ਰੋਪੜ ਰੂਰਲ ਸਰਕਲ ਦੇ ਪਿੰਡ ਗੁਰਦਾਸ (ਨੇੜੇ ਖੈਰਾਬਾਦ) ਵਿਚ ਵਿਸ਼ੇਸ਼ ਕੈਂਪ ਲਗਾਇਆ | ਕੈਂਪ ਦਾ ਉਦੇਸ਼ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਜਨ ਕਲਿਆਣਕਾਰੀ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਅਤੇ ਲੋੜਵੰਦਾਂ ਨੂੰ ਉਨ੍ਹਾਂ ਦਾ ਲਾਭ ਸਿੱਧੇ ਤੌਰ 'ਤੇ ਉਪਲਬਧ ਕਰਵਾਉਣਾ ਸੀ | ਕੈਂਪ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਲੋਂ ਕੀਤਾ | ਇਸ ਜਨਸੇਵਾ ਕੈਂਪ 'ਚ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਯੋਗ ਲੋਕਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਆਯੁਸ਼ਮਾਨ ਕਾਰਡ ਬਣਾਏ ਗਏ | ਇਸ ਮੌਕੇ ਲਾਲਪੁਰਾ ਨੇ ਕਿਹਾ ਕਿ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਕਰਜ਼ੇ 'ਚ ਡੁੱਬੋ ਦਿੱਤਾ, ਕਿੱਥੇ ਇਸ ਪਾਰਟੀ ਦਾ ਕਨਵੀਨਰ ਪੰਜਾਬ ਆ ਕੇ 20 ਹਜਾਰ ਕਰੋੜ ਮਾਈਨਿੰਗ 'ਚੋਂ ਕੱਢਣ ਦੀ ਗੱਲ ਆਖਦਾ ਸੀ ਤੇ ਅੱਜ ਸਰਕਾਰ ਕਰਜ਼ੇ ਲੈ ਕੇ ਚੱਲ ਰਹੀ ਹੈ, ਝੂਠੀਆਂ ਗਰੰਟੀਆਂ ਤੇ ਵਾਅਦਿਆਂ ਦੇ ਸਿਰ 'ਤੇ ਬਣੀ ਝਾੜੂ ਸਰਕਾਰ ਬਸ ਦਿਨਾਂ ਦੀ ਮਹਿਮਾਨ ਰਹਿ ਗਈ ਹੈ, 2027 'ਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਮੇਰੇ ਜ਼ਿਲ੍ਹੇ ਦਾ ਨਾਂਅ ਪ੍ਰਤੱਖ ਰੂਪ ਵਿਚ ਵੀ ਦਿਖੇਗਾ |