ਕਾਹਨਪੁਰ ਖੂਹੀ, 2 ਜੂਨ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਰੈਂਸੜਾ ਦੇ ਪੁਰਾਤਨ ਯਕਸ਼ ਦੱਤ ਮੰਦਰ ਵਿਖੇ ਸੱਤ ਦਿਨ ਚੱਲਣ ਵਾਲੇ ਸਾਲਾਨਾ ਧਾਰਮਿਕ ਸਮਾਗਮ ਸ਼ੁਰੂ ਹੋ ਗਏ ਹਨ | ਇਸ ਸੰਬੰਧੀ ਮੰਦਰ ਕਮੇਟੀ ਦੇ ਪ੍ਰਧਾਨ ਹਰੀ ਕਿਸ਼ਨ ਰੈਂਸੜਾ ਨੇ ਦੱਸਿਆ ਕਿ 31 ਮਈ ਤੋਂ ਸਪਤਾਹ ਸ਼ੁਰੂ ਹੋ ਗਈ ਹੈ, ਜਿਸ 'ਚ ਸ੍ਰੀਮਦ ਭਾਗਵਤ ਕਥਾ ਦਾ ਰੋਜ਼ਾਨਾ ਪਾਠ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਸੰਤ ਮਹਾਂਪੁਰਸ਼ਾਂ ਵਲੋਂ ਪ੍ਰਭੂ ਪਰਮੇਸ਼ਵਰ ਦਾ ਗੁਣਗਾਨ ਕਰਕੇ ਸੰਗਤ ਨੂੰ ਬਾਣੀ ਨਾਲ ਜੋੜਿਆ ਜਾਂਦਾ ਹੈ | ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਜੂਨ ਨੂੰ ਸਮੂਹ ਮੰਦਰ ਕਮੇਟੀ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਕਰਵਾਏ ਜਾਣਗੇ | ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਲੋੜਵੰਦ ਪਰਿਵਾਰ ਆਪਣੀਆਂ ਧੀਆਂ ਦੇ ਇਸ ਦਿਨ ਅਨੰਦ ਕਾਰਜ ਕਰਵਾਉਣਾ ਚਾਹੁੰਦੇ ਹਨ, ਉਹ ਮੰਦਰ ਕਮੇਟੀ ਨੂੰ ਮਿਲ ਕੇ ਨੋਟ ਕਰਵਾ ਦੇਣ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ 'ਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਤੋਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰੀ ਭਰਦੀਆਂ ਹਨ | ਇਸ ਮੌਕੇ ਗੁਰੂ ਕੇ ਲੰਗਰ ਰੋਜ਼ਾਨਾ ਅਤੁੱਟ ਵਰਤਾਏ ਜਾਂਦੇ ਹਨ | ਇਸ ਮੌਕੇ ਪ੍ਰਧਾਨ ਹਰੀ ਕਿਸ਼ਨ, ਮਲਕੀਅਤ ਸਿੰਘ, ਵੈਸਾਖੀ ਰਾਮ, ਰਾਮ ਪ੍ਰਕਾਸ਼, ਸਾਈਾ ਦਾਸ ਆਦਿ ਹਾਜ਼ਰ ਸਨ |