ਮੋਰਿੰਡਾ, 4 ਜੂਨ (ਤਰਲੋਚਨ ਸਿੰਘ ਕੰਗ)- ਆਮ ਆਦਮੀ ਪਾਰਟੀ ਵਲੋਂ ਮੋਰਿੰਡਾ ਵਿਚ ਸੀਵਰੇਜ ਸਿਸਟਮ ਦਾ ਕੱਲ੍ਹ ਹੀ ਉਦਘਾਟਨ ਕੀਤਾ ਗਿਆ ਹੈ, ਜਿਸ ਵਿਚ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਸ਼ਹਿਰ ਵਿਚ ਹੋ ਰਹੇ ਵਿਕਾਸ ਕਾਰਜਾਂ ਦੀ ਬਹੁਤ ਲੰਮੀ ਚੌੜੀ ਲਿਸਟ ਪੜ੍ਹ ਕੇ ਸੁਣਾਈ ਗਈ ਅਤੇ ਮੌਕੇ |ਤੇ ਹੋਏ ਇਕੱਠ ਨੂੰ ਵਾਰ-ਵਾਰ ਤਾੜੀਆਂ ਮਾਰਨ ਲਈ ਵੀ ਮਜਬੂਰ ਕੀਤਾ | ਜਦਕਿ ਜ਼ਮੀਨੀ ਹਕੀਕਤ ਬਿਲਕੁਲ ਹੀ ਉਲਟ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਅਤੇ ਖਰੜ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਮੋਰਿੰਡਾ ਵਿਚ ਕੂੜੇ ਦੇ ਥਾਂ-ਥਾਂ ਲੱਗੇ ਢੇਰ ਦਿਖਾਉਣ ਸਮੇਂ ਸ਼ਹਿਰ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ | ਟਿੰਕੂ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਤਿੰਨ ਸਾਲਾਂ ਵਿਚ ਸਿਰਫ਼ ਬਿਆਨਬਾਜ਼ੀ ਤੋਂ ਬਿਨਾਂ ਕੁੱਝ ਨਹੀਂ ਕੀਤਾ | ਜੋ ਸੀਵਰੇਜ ਦਾ ਕੱਲ੍ਹ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨ੍ਹੀ ਸਿੰਘ ਆਹਲੂਵਾਲੀਆ ਵਲੋਂ ਉਦਘਾਟਨ ਕੀਤਾ ਗਿਆ ਸੀ, ਉਹ ਸਾਰਾ ਪੈਸਾ ਲੰਘੀ ਕਾਂਗਰਸ ਦੀ ਸਰਕਾਰ ਵਿਚ ਮੋਰਿੰਡਾ ਵਾਸੀਆਂ ਨੂੰ ਦਿੱਤਾ ਗਿਆ ਸੀ | ਜਿਸਦਾ ਉਦਘਾਟਨ ਪਹਿਲਾਂ ਵੀ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਹੋ ਚੁੱਕਿਆ ਹੈ | ਮੋਰਿੰਡਾ ਵਾਸੀਆਂ ਨੂੰ ਨਾਲ ਲੈ ਕੇ ਅੱਜ ਵਿਜੇ ਸ਼ਰਮਾ ਟਿੰਕੂ ਵਲੋਂ ਸ਼ਹਿਰ ਵਿਚ ਲੱਗੇ ਵੱਡੇ-ਵੱਡੇ ਕੂੜੇ ਦੇ ਢੇਰ ਦਿਖਾਏ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਦਾਅਵੇ ਸਭ ਝੂਠੇ ਹੋ ਗਏ | ਉਹਨਾਂ ਕਿਹਾ ਕਿ ਮੋਰਿੰਡਾ ਦੇ ਵਿਕਾਸ ਕਾਰਜਾਂ ਦੀ ਗੱਲ ਬਹੁਤ ਦੂਰ ਦੀ ਹੈ, ਇਸ ਪਾਰਟੀ ਵਲੋਂ ਸ਼ਹਿਰ ਦੀ ਸਫ਼ਾਈ ਦਾ ਵੀ ਜ਼ਿੰਮਾ ਨਹੀਂ ਸਾਂਭਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਲ਼ਿਆਂ ਦੀ ਸਫ਼ਾਈ ਨਹੀਂ ਹੋਈ | ਉੱਪਰੋਂ ਬਰਸਾਤ ਦਾ ਮੌਸਮ ਆਉਣ ਵਾਲਾ ਹੈ, ਸਾਰਾ ਗੰਦਾ ਪਾਣੀ ਮੀਂਹ ਦੇ ਪਾਣੀ ਵਿਚ ਰਲ਼ ਕੇ ਲੋਕਾਂ ਦੇ ਘਰਾਂ ਵਿਚ ਵੜੇਗਾ ਤੇ ਬਿਮਾਰੀਆਂ ਫੈਲਣਗੀਆਂ | ਜਿਸਦੀ ਸਾਰੀ ਜ਼ਿੰਮੇਵਾਰੀ ਨਗਰ ਕੌਂਸਲ ਮੋਰਿੰਡਾ ਦੀ ਹੋਵੇਗੀ | ਇਸੇ ਮਾਮਲੇ ਨੂੰ ਲੈ ਕੇ ਜਦੋਂ ਨਗਰ ਕੌਂਸਲ ਮੋਰਿੰਡਾ ਦੇ ਸੈਨੇਟਰੀ ਇੰਸਪੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਗਰ ਕੌਂਸਲ ਮੋਰਿੰਡਾ ਕੋਲ ਕੂੜਾ ਸੁੱਟਣ ਲਈ ਜਗਾ ਨਹੀਂ ਹੈ | ਪੰਜ-ਛੇ ਦਿਨਾਂ ਵਿਚ ਇਸਦਾ ਪ੍ਰਬੰਧ ਕਰ ਲਿਆ ਜਾਵੇਗਾ |