ਨੂਰਪੁਰ ਬੇਦੀ, 4 ਜੂਨ (ਵਿੰਦਰਪਾਲ ਝਾਂਡੀਆਂ)- ਇਲਾਕੇ ਦੇ ਪਿੰਡ ਦਹੀਰਪੁਰ ਵਿਖੇ ਪੀਰ ਬਾਬਾ ਮੀਆਂ ਮੁਰਾਦ ਸ਼ਾਹ ਜੀ ਦੀ ਮਜ਼ਾਰ 'ਤੇ ਨਗਰ ਪੰਚਾਇਤ ਦੇ ਪ੍ਰਬੰਧਕ ਕਮੇਟੀ ਵਲੋਂ ਸਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਦੌਰਾਨ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਹਾਜ਼ਰੀ ਭਰੀ | ਇਸ ਮੌਕੇ ਉਨਾਂ ਨੇ ਪ੍ਰਬੰਧਕ ਕਮੇਟੀ ਨੂੰ ਉਕਤ ਸਮਾਗਮ ਦੀ ਮੁਬਾਰਕਬਾਦ ਭੇਟ ਕੀਤੀ, ਉੱਥੇ ਹੀ ਕਿਹਾ ਕਿ ਨੂਰਪੁਰ ਬੇਦੀ ਇਲਾਕੇ ਨੂੰ ਗੁਰੂਆਂ ਪੀਰਾਂ ਦੀ ਅਥਾਹ ਕਿਰਪਾ ਪ੍ਰਾਪਤ ਹੈ | ਕਿਉਂਕਿ ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਅਨੇਕਾਂ ਅਜਿਹੇ ਧਾਰਮਿਕ ਸਥਾਨ ਹਨ ਜੋ ਕਿ ਧਾਰਮਿਕ ਅਤੇ ਇਤਿਹਾਸਿਕ ਪੱਖ ਤੋਂ ਵੱਡੀ ਮਹੱਤਤਾ ਰੱਖਦੇ ਹਨ | ਇਸ ਲਈ ਸਾਨੂੰ ਗੁਰੂਆਂ ਪੀਰਾਂ ਦੇ ਦਿਹਾੜੇ ਮਿਲ-ਜੁਲ ਕੇ ਸ਼ਰਧਾ ਪੂਰਵਕ ਮਨਾਉਣੇ ਚਾਹੀਦੇ ਹਨ, ਇਹਨਾਂ ਦੇ ਦਿਹਾੜੇ ਮਨਾਉਣ ਨਾਲ ਜਿੱਥੇ ਸਾਡੀ ਧਾਰਮਿਕ ਭਾਵਨਾ ਵਧੇਗੀ ਉੱਥੇ ਆਪਸੀ ਭਾਈਚਾਰਕ ਸਾਂਝ ਵੀ ਮਜ਼ਬੂਤ ਹੋਵੇਗੀ | ਇਸ ਦੌਰਾਨ ਪ੍ਰਬੰਧਕ ਕਮੇਟੀ ਵਲੋਂ ਵਿਧਾਇਕ ਐਡਵੋਕੇਟ ਚੱਢਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਉੱਘੇ ਪੰਜਾਬੀ ਲੋਕ ਗਾਇਕਾ ਜਸਵਿੰਦਰ ਬਰਾੜ ਤੇ ਪੰਮਾ ਡੂਮੇਵਾਲ ਵਲੋਂ ਵੱਖ-ਵੱਖ ਗੀਤਾਂ ਰਾਹੀਂ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਗਿਆ | ਉੱਥੇ ਹੀ ਰਾਤ ਸਮੇਂ ਕੱਵਾਲ ਮੁਹੰਮਦ ਸ਼ਰੀਫ਼ ਸੀਨਾ ਨੇ ਵੀ ਕੱਵਾਲੀਆਂ ਰਾਹੀਂ ਮਾਹੌਲ ਨੂੰ ਹੋਰ ਵੀ ਭਗਤੀ ਮਈ ਰੰਗ ਚ ਰੰਗਣਗੇ | ਇਸ ਮੌਕੇ ਰਾਜ ਕੁਮਾਰ, ਸੋਹਣ ਸਿੰਘ ਦਹੀਰਪੁਰ, ਪੰਮਾ, ਕਰਮ ਚੰਦ, ਮਨਪ੍ਰੀਤ ਸਿੰਘ, ਮਨਜੀਤ ਸਿੰਘ, ਮਦਨ ਲਾਲ, ਕਮਲ ਦਾਸ, ਪ੍ਰਕਾਸ਼ ਫ਼ੌਜੀ, ਹਰਮੇਸ਼ ਕੁਮਾਰ, ਸੁਖਵਿੰਦਰ ਸਿੰਘ, ਕਮਲਜੀਤ ਸਿੰਘ ਮਾਧੋਪੁਰ, ਵਿੱਕੀ ਤੇ ਸੇਵਾਦਾਰ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ |