ਬੇਲਾ, 4 ਜੂਨ (ਮਨਜੀਤ ਸਿੰਘ ਸੈਣੀ)-ਸਟੇਟ ਸ਼ਪੈਸ਼ਲ ਸੈੱਲ ਮੋਹਾਲੀ ਪੁਲਿਸ ਵਲੋਂ ਪਾਕਿਸਤਾਨ ਨਾਲ ਜਾਸੂਸੀ ਕਰਨ ਦੇ ਦੋਸ਼ ਵਿਚ ਗਿ੍ਫ਼ਤਾਰ ਯੂ ਟਿਊਬਰ ਜਸਵੀਰ ਸਿੰਘ ਉਰਫ ਜਾਨ ਮਾਹਲ (45) ਪੁੱਤਰ ਮੋਹਨ ਸਿੰਘ, ਮਾਤਾ ਸਵ. ਮਨਜੀਤ ਕੌਰ ਵਾਸੀ ਪਿੰਡ ਮਾਹਲਾਂ ਥਾਣਾ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਬੀਤੇ ਕਰੀਬ ਤਿੰਨ ਚਾਰ ਸਾਲ ਤੋਂ ਮੋਹਾਲੀ ਵਿਖੇ ਰਹਿ ਰਿਹਾ ਹੈ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਅਨੁਸਾਰ ਜਸਵੀਰ ਸਿੰਘ ਪਿਛਲੇ ਤਿੰਨ ਚਾਰ ਸਾਲ ਤੋਂ ਮੋਹਾਲੀ ਵਿਖੇ ਰਹਿ ਰਿਹਾ ਹੈ ਜਿਸ ਕਰਕੇ ਉਹ ਘੱਟ ਹੀ ਪਿੰਡ ਆਉਂਦਾ ਸੀ | ਜਾਣਕਾਰੀ ਅਨੁਸਾਰ ਬੇਲਾ ਕਾਲਜ ਵਿਚ ਬੀ. ਏ. ਸਾਲ ਦੂਜਾ ਕਰਨ ਉਪਰੰਤ ਸਾਲ 2006 ਵਿਚ ਨਾਰਵੇ ਗਿਆ ਸੀ ਅਤੇ 2015 ਵਿਚ ਵਾਪਿਸ ਆਪਣੇ ਪਿੰਡ ਆਇਆ, ਜਿੱਥੇ ਖੇਤੀਬਾੜੀ ਕਰਨ ਦੇ ਨਾਲ ਸ਼ੋਸ਼ਲ ਮੀਡੀਆ ਪਲੇਟਫਾਰਮ, ਫੇਸਬੁੱਕ, ਇੰਸਟਗ੍ਰਾਮ, ਯੂ ਟਿਊਬ ਤੇ ਆਪਣੇ ਚੈਨਲ ਜਾਨ ਮਾਹਲ 'ਤੇ ਬਲੌਗ ਪਾਉਣ ਕਰਕੇ ਚਰਚਾ ਵਿਚ ਆਇਆ ਸੀ, ਵੱਖ-ਵੱਖ ਸ਼ੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਮੀਲੀਅਨ ਤੋਂ ਵੱਧ ਫਾਲੋਵਰ ਹਨ | ਜਸਵੀਰ ਸਿੰਘ ਜਾਨ ਮਾਹਲ 12 ਅਪ੍ਰੈਲ 2014 ਨੂੰ ਵਿਸਾਖੀ ਮੌਕੇ ਆਪਣੇ ਪਰਿਵਾਰ ਪਤਨੀ ਜਸਵੀਰ ਕੌਰ, ਪੁੱਤਰ ਮਹਿਕਪ੍ਰੀਤ ਸਿੰਘ ਸਮੇਤ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ 'ਤੇ ਗਿਆ ਸੀ | ਪਹਿਲਾਂ ਹੀ ਜਾਸੂਸੀ ਕਰਨ ਦੇ ਦੋਸ਼ਾਂ ਵਿਚ ਗਿ੍ਫਤਾਰ ਜੋਤੀ ਮਲਹੋਤਰਾ ਵੀ ਇਨ੍ਹਾਂ ਦੇ ਜਥੇ ਵਿਚ ਸ਼ਾਮਿਲ ਸੀ ਜਿਸ ਕਰਕੇ ਪੁਲਿਸ ਦੀ ਨਿਗਾਹ ਵਿਚ ਆਇਆ ਹੈ | ਜਾਣਕਾਰੀ ਅਨੁਸਾਰ ਜਸਵੀਰ ਸਿੰਘ ਜਾਨ ਮਾਹਲ ਤਿੰਨ ਵਾਰ ਪਾਕਿਸਤਾਨ ਜਾ ਚੁੱਕਾ ਹੈ | ਜਸਵੀਰ ਸਿੰਘ ਜਾਨ ਮਾਹਲ ਦੇ ਪਿਤਾ ਮੋਹਨ ਸਿੰਘ ਪੰਜ ਭਰਾ ਹਨ ਪਿੰਡ ਵਿੱਚ ਰਹਿੰਦੇ ਪਰਿਵਾਰਕ ਮੈਬਰਾਂ ਅਨੁਸਾਰ ਮੋਹਾਲੀ ਪੁਲਿਸ ਵਲੋਂ ਕਰੀਬ ਪੰਦਰਾਂ ਵੀਹ ਦਿਨ ਪਹਿਲਾਂ ਵੀ ਪੁੱਛ ਪੜਤਾਲ ਕੀਤੀ ਸੀ ਅਤੇ ਅੱਜ ਫੇਰ ਪੁੱਛ ਪੜਤਾਲ ਕਰਨ ਲਈ ਬੁਲਾਇਆ ਸੀ ਪ੍ਰੰਤੂ ਉਨ੍ਹਾਂ ਨੂੰ ਟੀ. ਵੀ. ਚੈਨਲਾਂ ਅਤੇ ਪੱਤਰਕਾਰਾਂ ਤੋਂ ਗਿ੍ਫਤਾਰੀ ਦਾ ਪਤਾ ਲੱਗਾ | ਆਪਣੇ ਪਰਿਵਾਰ ਸਮੇਤ ਮੋਹਾਲੀ ਵਿਖੇ ਰਹਿ ਰਿਹਾ ਜਸਵੀਰ ਸਿੰਘ ਉਰਫ਼ ਜਾਨ ਮਾਹਲ ਹੁਣ ਆਪਣੇ ਜੱਦੀ ਪਿੰਡ ਮਾਹਲਾਂ ਵਿਖੇ ਆਲੀਸ਼ਾਨ ਕੋਠੀ ਬਣਾ ਰਿਹਾ ਹੈ ਜਿਸ ਕਰਕੇ ਤਕਰੀਬਨ ਹੀ ਆਪਣੇ ਪਿੰਡ ਗੇੜਾ ਮਾਰਦਾ ਸੀ ਅਤੇ ਬਣ ਰਹੀ ਕੋਠੀ ਦੇ ਬਲੌਗ ਵੀ ਪਾਉਂਦਾ ਸੀ | ਜਾਨ ਮਾਹਲ ਦਾ ਇੱਕ ਭਰਾ ਹੈ ਜੋ ਕਿ ਮੋਹਾਲੀ ਵਿਖੇ ਹੀ ਇਮਾਰਤਾਂ ਬਣਾਉਣ ਦੀ ਠੇਕੇਦਾਰੀ ਕਰਦਾ ਹੈ | ਪਿੰਡ ਵਾਸੀਆਂ ਨੇ ਜਸਵੀਰ ਸਿੰਘ ਉੱਤੇ ਜਾਸੂਸੀ ਕਰਨ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ | ਪ੍ਰੰਤੂ ਇਸ ਦੇ ਬਾਵਜੂਦ ਜਾਨ ਮਾਹਲ ਬਾਰੇ ਕੋਈ ਵੀ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ |