ਰੂਪਨਗਰ, 1 ਸਤੰਬਰ (ਸਤਨਾਮ ਸਿੰਘ ਸੱਤੀ)-ਸਿਟੀ ਥਾਣਾ ਮੁੱਖੀ ਇੰਸਪੈਕਟਰ ਪਵਨ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਤਲੁਜ ਦਰਿਆ ਦੇ ਪਾਣੀ ਦੀਆਂ ਵੀਡੀਓਆਂ ਬਣਾ ਕੇ ਸੋਸ਼ਲ ਮੀਡੀਆ 'ਤੇ ਨਾ ਪਾਈਆਂ ਜਾਣ ਤੇ ਨਾ ਹੀ ਰਿਸ਼ਤੇਦਾਰਾਂ ਨੂੰ ਭੇਜੀਆਂ ਜਾਣ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਵੀਡੀਓਆਂ ਨਾਲ ਲੋਕਾਂ ਵਿਚ ਬੇਵਜ੍ਹਾ ਡਰ ਤੇ ਅਫ਼ਰਾ-ਤਫ਼ਰੀ ਦਾ ਮਾਹÏਲ ਪੈਦਾ ਹੁੰਦਾ ਹੈ | ਐਸ. ਐਚ. ਓ. ਨੇ ਦੱਸਿਆ ਕਿ ਬੀਤੇ ਦਿਨ ਕਈ ਵਲੋਗਰਾਂ ਨੇ ਪੁਰਾਣੀਆਂ ਜਾਂ ਹੋਰ ਥਾਵਾਂ ਦੀਆਂ ਵੀਡੀਓਆਂ ਸੋਸ਼ਲ ਮੀਡੀਆ 'ਤੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ | ਕਈਆਂ ਨੇ ਬਿਨਾਂ ਸਥਾਨ ਦੱਸੇ ਇਹ ਦਰਸਾਇਆ ਕਿ ਬੰਨ ਟੁੱਟਿਆ ਹੈ ਜਾਂ ਪਾਣੀ ਵਧ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਸਭ ਸਿਰਫ਼ ਆਪਣੇ ਸੋਸ਼ਲ ਮੀਡੀਆ ਵਿਊਜ਼ ਵਧਾਉਣ ਲਈ ਕੀਤਾ ਜਾਂਦਾ ਹੈ | ਇੰਸਪੈਕਟਰ ਪਵਨ ਕੁਮਾਰ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਇਹ ਮਨੋਰੰਜਨ ਦਾ ਸਮਾਂ ਨਹੀਂ ਹੈ ਕਿ ਤੁਸੀਂ ਦਰਿਆਵਾਂ 'ਤੇ ਜਾ ਜਾ ਕੇ ਰੀਲਾਂ ਬਣਾ ਰਹੇ ਹੋ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿਹੜੇ ਵੀ ਲੋਕ ਝੂਠੀਆਂ ਵੀਡੀਓਆਂ ਰਾਹੀਂ ਲੋਕਾਂ ਵਿਚ ਅਫ਼ਵਾਹਾਂ ਫੈਲਾਉਣਗੇ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਐਸ. ਐਚ. ਓ. ਨੇ ਲੋਕਾਂ ਨੂੰ ਸਮਝਦਾਰੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕੇਵਲ ਸਰਕਾਰੀ ਹਦਾਇਤਾਂ 'ਤੇ ਹੀ ਭਰੋਸਾ ਕਰੋ ਤੇ ਅਫ਼ਵਾਹਾਂ ਤੋਂ ਬਚੋ |