ਰੂਪਨਗਰ, 1 ਸਤੰਬਰ (ਸਤਨਾਮ ਸਿੰਘ ਸੱਤੀ)-ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ ਰੂਪਨਗਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਵਤਾਰ ਸਿੰਘ ਦੀ ਅਗਵਾਈ ਹੇਠ ਹੜ੍ਹ ਪੀੜਤ ਇਲਾਕਿਆਂ ਵੱਲ ਗੁਰੂਘਰ ਵਲੋਂ ਸਹਾਇਤਾ ਸਮੱਗਰੀ ਨਾਲ ਭਰੇ 12 ਟਰੱਕ ਰਵਾਨਾ ਹੋਏ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ, ਐਸ. ਡੀ. ਐਮ. ਬਲਾਚੌਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ | ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਗੁਰੂਘਰ ਵਲੋਂ 1200 ਕੁਇੰਟਲ ਪਸ਼ੂਆਂ ਦਾ ਚਾਰਾ ਅਚਾਰ ਦੇ ਬੈਗ, ਬਿਸਕੁਟ ਤੇ ਇਕ ਕਿਸ਼ਤੀ ਭੇਜੀ ਗਈ ਹੈ | ਇਹ ਪਹਿਲੀ ਖੇਪ ਰਾਮਦਾਸ ਤੇ ਡੇਰਾ ਬਾਬਾ ਨਾਨਕ ਇਲਾਕਿਆਂ ਵੱਲ ਜਾ ਰਹੀ ਹੈ, ਜਿਥੇ ਸੇਵਾਦਾਰ ਮੌਜੂਦ ਹਨ, ਜੋ ਸਮੱਗਰੀ ਪਹੁੰਚਾਉਣਗੇ | ਉਨ੍ਹਾਂ ਕਿਹਾ ਕਿ ਜ਼ਰੂਰਤ ਮੁਤਾਬਕ ਇਹ ਸੇਵਾ ਹੋਰ ਪ੍ਰਭਾਵਿਤ ਇਲਾਕਿਆਂ ਤੱਕ ਵੀ ਪਹੁੰਚਾਈ ਜਾਵੇਗੀ | ਐਸ. ਐਸ. ਪੀ. ਖੁਰਾਣਾ ਨੇ ਬਾਬਾ ਅਵਤਾਰ ਸਿੰਘ ਦੀ ਸੇਵਾ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ 'ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੁਰੂਘਰ ਨੇ ਆਪਣਾ ਧਰਮ ਨਿਭਾਇਆ ਹੈ, ਇਹ ਕੋਸ਼ਿਸ਼ ਹੜ੍ਹ ਪੀੜਤ ਭਰਾ-ਭੈਣਾਂ ਨੂੰ ਸਹਾਰਾ ਅਤੇ ਹੌਸਲਾ ਦੇਵੇਗੀ |' ਅਵਤਾਰ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਕ ਸ਼ਰਧਾਲੂ ਨੇ 500 ਰੁਪਏ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਭੇਟ ਕੀਤੇ ਸਨ, ਜੋ ਹੋਰ ਸਹਾਇਤਾ ਇਕੱਠੀ ਕਰਨ ਦਾ ਜਰੀਆ ਬਣ ਗਏ | ਉਨ੍ਹਾਂ ਦੱਸਿਆ ਕਿ ਉਸ ਸਮੇਂ ਗੁਰੂਘਰ ਦਾ ਕੋਈ ਪ੍ਰੋਗਰਾਮ ਨਹੀਂ ਸੀ, ਪਰ ਇਸ ਸ਼ਰਧਾਲੂ ਦੀ ਭਾਵਨਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਹ ਕਾਰਜ ਸ਼ੁਰੂ ਕਰਨ ਦਾ ਮਨ ਬਣਾ ਲਿਆ | ਬਾਬਾ ਅਵਤਾਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਦਰਿਆਵਾਂ, ਨਹਿਰਾਂ ਅਤੇ ਨਦੀਆਂ ਦੇ ਬੰਨਾਂ ਨੂੰ ਸਮੇਂ-ਸਿਰ ਮਜ਼ਬੂਤ ਕੀਤਾ ਜਾਵੇ | ਇਸ ਮੌਕੇ ਸਾਬਕਾ ਕੌਂਸਲਰ ਤੇ ਅਕਾਲੀ ਆਗੂ ਗੁਰਮੁਖ ਸਿੰਘ ਸੈਣੀ, ਸੁਖਪਾਲ ਸਿੰਘ ਸੁੱਖੀ ਝੰਝੇੜੀ ਪਟਵਾਰੀ ਸੁਖਵਿੰਦਰ ਸਿੰਘ ਅਤੇ ਸੱਜਣ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਵੀ ਸ਼ਾਮਿਲ ਸਨ | ਜੈਕਾਰਿਆਂ ਦੀ ਗੂੰਜ 'ਚ ਦਰਜਨ ਦੇ ਕਰੀਬ ਟਰੱਕਾਂ ਦਾ ਹਰ ਸਮੱਗਰੀ ਲੈ ਕੇ ਕਾਫਲਾ ਰਵਾਨਾ ਹੋ ਗਿਆ |