ਭਰਤਗੜ੍ਹ, 1 ਸਤੰਬਰ (ਜਸਬੀਰ ਸਿੰਘ ਬਾਵਾ)-ਪਿਛਲੇ ਕਈ ਦਿਨਾਂ ਤੋਂ ਹੋ ਰਹੀ ਮੋਹਲੇਧਾਰ ਬਾਰਿਸ਼ ਦੇ ਨਤੀਜੇ ਵਜੋਂ ਭਾਖੜਾ ਡੈਮ ਤੋਂ ਸਤਲੁਜ ਦਰਿਆ 'ਚ ਛੱਡੇ ਪਾਣੀ ਦਾ ਤੇਜ਼ ਵਹਾਅ ਅੱਜ ਸਵੇਰੇ ਬੇਲੀ ਦੇ ਵਾਰਡ ਨੰਬਰ 1 ਦੇ ਵਸਨੀਕਾਂ ਦੇ ਘਰਾਂ 'ਚ ਵੜ੍ਹ ਗਿਆ, ਜਿਸ ਨਾਲ ਇਨ੍ਹਾਂ ਦੇ ਘਰਾਂ ਦੇ ਆਲੇ ਦੁਆਲੇ ਕਰੀਬ 5-5 ਫੁੱਟ ਪਾਣੀ ਵਗ ਰਿਹਾ ਹੈ ਤੇ ਉਪਜਾਊ ਜ਼ਮੀਨ 'ਚ ਖੜ੍ਹੀ ਹਰੇਕ ਫਸਲ ਡੁੱਬਣ ਮਗਰੋਂ ਦਰੱਖਤ ਵੀ ਤਬਾਹੀ ਕਿਨਾਰੇ ਹਨ, ਪਸ਼ੂ ਧਨ ਨੂੰ ਬਚਾਉਣ ਲਈ ਉਕਤ ਵਸਨੀਕ ਨਿਜੀ ਤੌਰ 'ਤੇ ਯਤਨਸ਼ੀਲ ਹਨ | ਸਥਾਨਕ ਵਸਨੀਕਾਂ 'ਚੋਂ ਮੱਖਣ ਸਿੰਘ ਵਿਰਦੀ, ਐਡਵੋਕੇਟ ਪੁਸ਼ਪਾ ਵਿਰਦੀ, ਜਗੀਰ ਸਿੰਘ, ਤਾਰਾ ਸਿੰਘ, ਮਨਜੀਤ ਸਿੰਘ ਆਦਿ ਨੇ ਪ੍ਰਸ਼ਾਸਨ ਤੇ ਰਾਜ ਸਰਕਾਰ ਪ੍ਰਤੀ ਰੋਹ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਸਵੇਰ ਤੋਂ ਅਸੀਂ ਸਤਲੁਜ ਦਰਿਆ ਦੇ ਤੇਜ਼ ਵਹਾਅ ਤੋਂ ਪ੍ਰਭਾਵਿਤ ਹੋ ਰਹੇ ਹਾਂ, ਜ਼ਿਲ੍ਹਾ ਪ੍ਰਸ਼ਾਸਨ ਜਾਂ ਸੰਬੰਧਿਤ ਵਿਭਾਗ ਦੀ ਕਿਸੇ ਵੀ ਟੀਮ ਨੇ ਇੱਥੇ ਪੁੱਜਣ ਨੂੰ ਤਰਜੀਹ ਨਹੀਂ ਦਿੱਤੀ, ਜਦ ਕਿ ਮੌਸਮ ਵਿਭਾਗ ਵਲੋਂ ਜਾਰੀ ਚਿਤਾਵਨੀ ਅਨੁਸਾਰ ਅਗਲੇ 48 ਘੰਟਿਆਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ | ਸਰਪੰਚ ਦੀਦਾਰ ਸਿੰਘ ਸੈਣੀ ਨੇ ਦੱਸਿਆ ਕਿ ਸਥਾਨਕ ਮੁਹਤਬਰਾਂ ਸਮੇਤ ਮੌਕੇ 'ਤੇ ਜਾਕੇ ਜਾਣਕਾਰੀ ਲਈ ਹੈ | ਸੈਣੀ ਭਲਾਈ ਬੋਰਡ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ, 'ਆਪ' ਆਗੂ ਅਮਨਦੀਪ ਸਿੰਘ ਬੇਲੀ, ਪੰ. ਵਲੈਤੀ ਰਾਮ, ਗੁਰਚਰਨ ਸਿੰਘ ਬੇਲੀ ਹੋਰਨਾਂ ਨੁਮਾਇੰਦਿਆਂ ਨੇ ਪੀੜਤਾਂ ਕੋਲ ਪੁੱਜਕੇ ਹਲਕਾ ਵਿਧਾਇਕ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਦੇਣ ਮਗਰੋਂ ਪੀੜਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅਜਿਹੀ ਸਥਿਤੀ ਵਿਚ ਬਿਲਕੁਲ ਨਾ ਘਬਰਾਉਣ, ਰਾਜ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵੇਗਾ | ਇਨ੍ਹਾਂ ਕਿਹਾ ਇਨ੍ਹਾਂ ਦੇ ਰੈਣ ਬਸੇਰੇ ਲਈ ਗੁ: ਬਾਬਾ ਜ਼ੋਰਾਵਰ ਸਿੰਘ ਬੇਲੀ ਵਿਖੇ ਇੰਤਜ਼ਾਮ ਸਥਾਨਕ ਪੰਚਾਇਤ ਨੇ ਕਰ ਦਿੱਤਾ ਹੈ, ਪਸ਼ੂਆਂ ਲਈ ਚਾਰਾ, ਪੀੜਤਾਂ ਲਈ ਰਾਹਤ ਸਮੱਗਰੀ, ਇਨ੍ਹਾਂ ਦੀ ਸਿਹਤ ਸੰਭਾਲ ਲਈ ਸਿਹਤ ਵਿਭਾਗ ਵਲੋਂ ਰਾਹਤ ਕਾਰਜ ਜਲਦੀ ਸ਼ੁਰੂ ਹੋ ਜਾਣਗੇ |