ਕਾਹਨਪੁਰ ਖੂਹੀ, 1 ਸਤੰਬਰ (ਗੁਰਬੀਰ ਸਿੰਘ ਵਾਲੀਆ)-ਖੇਤਰ ਦੇ ਪਿੰਡ ਰਾਏਪੁਰ ਝੱਜ ਦੇ ਜਵਾਨ ਸੈਨਿਕ ਹੌਲਦਾਰ ਗੁਰਦੀਪ ਸਿੰਘ, ਜਿਸਦਾ ਕਿ ਬੀਤੀ ਦਿਨੀਂ ਕਲਕੱਤਾ ਵਿਖੇ ਡਿਊਟੀ ਦੌਰਾਨ ਦਿਲ ਦੀ ਗਤੀ ਰੁਕਣ ਕਾਰਨ ਅਚਾਨਕ ਦੇਹਾਂਤ ਹੋ ਗਿਆ ਸੀ, ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਰਾਏਪੁਰ ਝੱਜ ਵਿਖੇ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸੈਨਿਕ ਗੁਰਦੀਪ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਫ਼ੌਜੀ ਸਾਡੇ ਦੇਸ਼ ਦੇ ਅਸਲ ਸੂਰਮੇ ਹਨ, ਜੋ ਸਰਹੱਦਾਂ ਦੀ ਸੁਰੱਖਿਆ ਕਰਦੇ ਹੋਏ ਆਪਣੀ ਜਾਨ ਦੀ ਪ੍ਰਵਾਹ ਨਹੀਂ ਕਰਦੇ | ਇਹਨਾਂ ਦੇ ਸਾਹਸੀ ਯੋਗਦਾਨ ਕਰਕੇ ਹੀ ਅਸੀਂ ਘਰਾਂ ਵਿਚ ਚੈਨ ਅਤੇ ਸੁੱਖ ਦੀ ਨੀਂਦ ਸੌਂਦੇ ਹਾਂ | ਚੱਢਾ ਨੇ ਕਿਹਾ ਕਿ ਪੰਜਾਬ ਦਾ ਹਰ ਨੌਜਵਾਨ ਫ਼ੌਜ 'ਚ ਭਰਤੀ ਹੋ ਕੇ ਦੇਸ਼ ਸੇਵਾ ਕਰਨ ਦਾ ਜਜ਼ਬਾ ਰੱਖਦਾ ਹੈ ਅਤੇ ਸੈਨਿਕ ਗੁਰਦੀਪ ਸਿੰਘ ਵਰਗੇ ਸੂਰਮੇ ਉਹਨਾਂ ਲਈ ਪ੍ਰੇਰਨਾ ਦੇ ਸਰੋਤ ਹਨ | ਇਸ ਮੌਕੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਕਿਸਾਨ ਆਗੂ ਮਾ. ਗੁਰਨੈਬ ਸਿੰਘ ਜੇਤੇਵਾਲ, ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਆਦਿ ਨੇ ਵੀ ਹੌਲਦਾਰ ਗੁਰਦੀਪ ਸਿੰਘ ਦੀ ਫੋਟੋ ਅੱਗੇ ਨਤਮਸਤਕ ਹੁੰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ | ਪਰਿਵਾਰ ਵਲੋਂ ਨੰਬਰਦਾਰ ਹੁਸਨ ਸਿੰਘ ਨੇ ਆਏ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਫ਼ੌਜੀ ਗੁਰਦੀਪ ਸਿੰਘ ਦੇ ਪਿਤਾ ਭੋਲਾ ਸਿੰਘ ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਾਬਾ ਸਰੂਪ ਸਿੰਘ ਡੂਮੇਵਾਲ, ਧਰਮਪਾਲ, ਗੁਰਮੀਤ ਸਿੰਘ ਟੇਡੇਵਾਲ, ਮੋਹਨ ਸਿੰਘ ਡੂਮੇਵਾਲ, ਸਰਪੰਚ ਗੁਰਦੇਵ ਸਿੰਘ, ਹਰਮੇਸ਼ ਸਿੰਘ ਜੇ. ਈ., ਸਤਨਾਮ ਸਿੰਘ ਨਾਗਰਾ, ਕਰਮ ਚੰਦ ਰਾਏਪੁਰ, ਸ਼ਿੰਗਾਰਾ ਸਿੰਘ ਰਾਏਪੁਰ, ਭਾਗ ਸਿੰਘ ਡੂਮੇਵਾਲ, ਜਸਵੰਤ ਸਿੰਘ ਜੇ. ਈ., ਕੁਲਵਿੰਦਰ ਸਿੰਘ ਝੱਜ, ਭੁਪਿੰਦਰ ਸਿੰਘ ਰਾਏਪੁਰ, ਸੋਹਣ ਸਿੰਘ, ਦੇਸਰਾਜ ਸੈਣੀ, ਧਰਮਪਾਲ ਸੈਣੀਮਾਜਰਾ, ਹਰਦਿਆਲ ਸਿੰਘ ਖੱਟੜਾ ਬਲਜਿੰਦਰ ਸਿੰਘ ਡਮੇਵਾਲ ਸਮੇਤ ਹੋਰ ਪਿੰਡ ਵਾਸੀ ਤੇ ਇਲਾਕੇ ਦੇ ਪਤਵੰਤੇ ਵੀ ਹਾਜ਼ਰ ਸਨ |