ਰੂਪਨਗਰ, 2 ਸਤੰਬਰ (ਸਤਨਾਮ ਸਿੰਘ ਸੱਤੀ)-ਹਲਕਾ ਵਿਧਾਇਕ ਦਿਨੇਸ਼ ਚੱਡਾ ਨੇ ਕਿਹਾ ਕਿ ਭਾਖੜਾ ਡੈਮ ਤੋਂ ਰਾਤੋਂ-ਰਾਤ ਪਾਣੀ ਰਿਲੀਜ਼ 55 ਹਜ਼ਾਰ ਕਿਊਸਿਕ ਤੋਂ ਵਧਾ ਕੇ 65 ਹਜ਼ਾਰ ਕਿਊਸਿਕ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਰੋਪੜ ਹੈੱਡ ਵਰਕਸ 'ਤੇ ਕੁੱਲ ਵਹਾਅ ਵਿੱਚ ਕਮੀ ਦਰਜ ਕੀਤੀ ਗਈ ਹੈ, ਜੋ ਤੁਰੰਤ ਰਾਹਤ ਦਾ ਸੰਕੇਤ ਹੈ | ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਰੋਪੜ ਹੈੱਡ ਵਰਕਸ 'ਤੇ ਵਹਾਅ 1,14,000 ਕਿਊਸਿਕ ਸੀ, ਜੋ ਹੁਣ ਘਟ ਕੇ 84,628 ਕਿਊਸਿਕ ਰਹਿ ਗਿਆ ਹੈ | ਇਸੇ ਤਰ੍ਹਾਂ, ਸਵਾਂ ਨਦੀ ਦਾ ਵਹਾਅ ਕੱਲ੍ਹ 10 ਹਜ਼ਾਰ ਕਿਊਸਿਕ ਸੀ ਜੋ ਹੁਣ 2,400 ਕਿਊਸਿਕ ਤੇ ਆ ਗਿਆ ਹੈ, ਜਦਕਿ ਸਰਸਾ ਨਦੀ ਤੋਂ ਕੱਲ੍ਹ 27 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਸੀ ਜੋ ਘਟ ਕੇ ਹੁਣ 4,005 ਕਿਊਸਿਕ ਰਹਿ ਗਿਆ ਹੈ | ਚੱਡਾ ਨੇ ਕਿਹਾ ਕਿ ਭਾਖੜਾ ਡੈਮ ਦਾ ਮੌਜੂਦਾ ਪੱਧਰ 1676.66 ਫੁੱਟ ਹੈ ਅਤੇ ਸ਼ਾਹਪੁਰ ਬੇਲੇ 'ਤੇ ਵੀ ਪਾਣੀ ਵਿਚ ਘਟਾਉਂ ਦਰਜ ਹੋ ਰਿਹਾ ਹੈ | ਉਨ੍ਹਾਂ ਅਨੁਸਾਰ ਡੈਮ ਤੋਂ ਕੰਟਰੋਲਡ ਰਿਲੀਜ਼ ਤੇ ਉਪ ਨਦੀਆਂ ਵਿਚ ਘਟੇ ਆਉਟਫਲੋ ਨਾਲ ਕੁੱਲ ਵਹਾਅ ਵਿਚ ਕਮੀ ਆਈ ਹੈ, ਜੋ ਬਚਾਅ ਦੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ | ਹਰਿਆਣਾ ਦੇ ਮੁੱਖ ਮੰਤਰੀ 'ਤੇ ਚੁਟਕੀ ਹਰਿਆਣਾ ਨੂੰ ਨਿਸ਼ਾਨਾ ਬਣਾਉਂਦਿਆਂ ਚੱਡਾ ਨੇ ਕਿਹਾ ਕਿ ਹਰਿਆਣੇ ਦੇ ਮੁੱਖ ਮੰਤਰੀ ਅਜੇ ਤੱਕ ਆਪਣੇ ਪਾਣੀ ਦਾ ਹਿੱਸਾ ਮੰਗਣ ਲਈ ਨਹੀਂ ਆਏ ਜਦੋਂ ਕਿ ਪੰਜਾਬ ਪਾਣੀ 'ਚ ਡੁੱਬ ਰਿਹਾ ਹੈ | ਲੱਗਦਾ ਹੈ ਜਿਵੇਂ ਉਹ ਕਹਿੰਦੇ ਹੋਣ ਕਿ ਸਾਡਾ ਹਿੱਸਾ ਤਾਂ ਸਿਰਫ਼ ਗਰਮੀਆਂ ਦੇ ਪਾਣੀ 'ਚ ਹੀ ਹੈ, ਬਰਸਾਤ ਵਾਲੇ ਪਾਣੀ 'ਚ ਨਹੀਂ | ੳਦਿਨੇਸ਼ ਚੱਡਾ ਅੱਜ ਆਪਣੀ ਟੀਮ ਨਾਲ ਹੜ ਪ੍ਰਭਾਵਿਤ ਇਲਾਕਿਆਂ 'ਚ ਸਰਗਰਮ ਸਨ |