ਸ੍ਰੀ ਅਨੰਦਪੁਰ ਸਾਹਿਬ, 2 ਸਤੰਬਰ (ਕਰਨੈਲ ਸਿੰਘ)-ਬੀਤੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨਾਲ ਦਰਿਆ ਸਤਲੁਜ ਅਤੇ ਸਵਾ ਨਦੀ ਦਾ ਭਾਰੀ ਮਾਤਰਾ 'ਚ ਆ ਰਹੇ ਪਾਣੀ ਕਾਰਨ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਦਰਿਆ ਨੇੜਲੇ ਪਿੰਡ ਜਲ ਥਲ ਹੋ ਗਏ ਹਨ | ਪਿੰਡ ਲੋਧੀਪੁਰ, ਮਹਿੰਦਲੀ ਕਲਾ, ਹਰੀਵਾਲ, ਚੰਦਪੁਰ, ਗੱਜਪੁਰ ਤੇ ਸ਼ਾਹਪੁਰ ਬੇਲਾ ਆਦਿ ਵਿਚ ਪਾਣੀ ਘੁੰਮ ਰਿਹਾ ਹੈ ਅਤੇ ਬੁਰਜ ਪਿੰਡ ਪਾਣੀ ਨਾਲ ਚਾਰੇ ਪਾਸੇ ਤੋਂ ਪਾਣੀ ਨਾਲ ਘਿਰ ਗਿਆ ਹੈ | ਦਰਿਆ ਕਿਨਾਰਿਆਂ ਤੋਂ ਭਾਰੀ ਮਾਤਰਾ ਤੇਜ਼ ਰਫ਼ਤਾਰ ਪਾਣੀ ਕਾਰਨ ਸ੍ਰੀ ਅਨੰਦਪੁਰ ਸਾਹਿਬ-ਨੂਰਪੁਰ ਬੇਦੀ ਸੰਪਰਕ ਮਾਰਗ ਪਹਿਲਾ ਹੀ ਬੰਦ ਹੋ ਚੁੱਕਾ ਹੈ | ਪਾਣੀ ਨਾਲ ਇਨ੍ਹਾਂ ਪਿੰਡ ਦੀ ਸੈਂਕੜੇ ਏਕੜ ਝੋਨੇ ਅਤੇ ਮੱਕੀ ਦੀ ਫ਼ਸਲ ਬਰਬਾਦ ਹੋ ਗਈ ਹੈ | ਪਾਣੀ 'ਚ ਘਿਰੇ ਪਿੰਡ ਹਰੀਵਾਲ ਦੇ ਨਿਰਮਲ ਸਿੰਘ ਹਰੀਵਾਲ, ਗੁਰਨਾਮ ਸਿੰਘ, ਤਰਲੋਚਨ ਸਿੰਘ, ਕੁਲਵਿੰਦਰ ਸਿੰਘ, ਬਲਦੇਵ ਸਿੰਘ, ਹਰਦੀਪ ਸਿੰਘ ਆਦਿ ਨੇ ਦੱਸਿਆ ਕਿ ਲਗਾਤਾਰ ਸਤਲੁਜ ਦਰਿਆ 'ਚ ਜਿੱਥੇ ਭਾਖੜਾ ਡੈਮ ਵੱਲੋਂ ਪਾਣੀ ਛੱਡਿਆ ਜਾ ਰਿਹਾ ਉੱਥੇ ਹੀ ਸਵਾ ਨਦੀ ਦਾ ਵੀ ਭਾਰੀ ਮਾਤਰਾ 'ਚ ਪਾਣੀ ਆਉਣ ਦੇ ਕਾਰਨ ਸਤਲੁਜ ਦਰਿਆ ਪੂਰੇ ਊਫਾਨ ਦੇ ਵਿਚ ਚੱਲ ਰਿਹਾ ਹੈ ਅਤੇ ਲਗਾਤਾਰ ਹੀ ਉਪਰੋਕਤ ਪਿੰਡਾਂ 'ਚ ਤਿੰਨ ਤੋਂ ਚਾਰ ਫੁੱਟ ਪਾਣੀ ਜਿੱਥੇ ਖੇਤਾਂ 'ਚ ਘੁੰਮ ਰਿਹਾ ਹੈ ਉੱਥੇ ਹੀ ਕਈ ਘਰ ਵੀ ਪਾਣੀ 'ਚ ਘਿਰੇ ਹੋਏ ਹਨ | ਪਿੰਡ ਮਹਿੰਦਲੀ ਕਲਾ ਅਤੇ ਹਰੀਵਾਲ ਦੇ ਵਾਸੀਆਂ ਨੇ ਕਿਹਾ ਕਿ ਸਤਲੁਜ ਦਰਿਆ ਕਿਨਾਰੇ ਕਰੀਬ ਦਰਜਨ ਥਾਵਾਂ ਬੈਠੇ ਹਨ | ਲਗਾਤਾਰ ਤੇਜ਼ੀ ਨਾਲ ਆ ਰਹੇ ਪਾਣੀ ਦੇ ਨਾਲ ਇਹ ਡੰਗੇ ਹੋਰ ਨੁਕਸਾਨੇ ਜਾ ਰਹੇ ਹਨ | ਦਰਿਆ ਲਾਗਲੇ ਪਿੰਡਾਂ 'ਚ ਜਿਥੇ ਹਾਲਤ ਦਿਨ ਪ੍ਰਤੀ ਦਿਨ ਬਦਤਰ ਹੁੰਦੇ ਜਾ ਰਹੇ ਹਨ ਉੱਥੇ ਹੀ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਲੋਕਾਂ ਲਈ ਰਾਹਤ ਕਾਰਜ ਨੂੰ ਤੇਜ਼ ਕਰਨ ਲਈ ਲਗਾਤਾਰ ਯਤਨਸ਼ੀਲ ਹਨ | ਇਸ ਦੇ ਨਾਲ ਨਾਲ ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ ਜਥੇਬੰਦੀਆਂ ਅਤੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਆਦਿ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ |