ਸ੍ਰੀ ਅਨੰਦਪੁਰ ਸਾਹਿਬ, 5 ਸਤੰਬਰ (ਕਰਨੈਲ ਸਿੰਘ)-ਸੈਣੀ ਮਹਾਂ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਲੌਂਗੀਆਂ ਵਲੋਂ ਸਭਾ ਦੇ ਸਾਰੇ ਅਹੁਦੇਦਾਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ 20 ਸਤੰਬਰ ਨੂੰ ਕਰਵਾਏ ਜਾਣ ਵਾਲਾ ਸੈਣੀ ਮਹਾਂ ਸੰਮੇਲਨ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ਸੂਬਾ ਜਰਨਲ ਸਕੱਤਰ ਮਦਨ ਗੋਪਾਲ ਸੈਣੀ ਅਤੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਗੱਜਪੁਰ ਨੇ ਦੱਸਿਆ ਕਿ ਸਿੱਖ ਪੰਥ ਦੇ ਸੈਣੀ ਬਰਾਦਰੀ ਨਾਲ ਸਬੰਧਿਤ ਮਹਾਨ ਸ਼ਹੀਦ ਭਾਈ ਭਗਤ ਜਮਾਲਾ ਸਿੰਘ, ਬੀਬੀ ਸ਼ਰਨ ਕੌਰ ਅਤੇ ਸ਼ਹੀਦ ਭਾਈ ਗੁਰਸ਼ਾ ਸਿੰਘ ਗਹੂਣੀਆਂ ਜੀ ਦੀ ਸ਼ਹਾਦਤ ਨੂੰ ਸਮਰਪਿਤ 20 ਸਤੰਬਰ ਨੂੰ ਸੈਣੀ ਸੰਮੇਲਨ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ | ਪਰੰਤੂ ਹੁਣ ਸਮੁੱਚਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਤੇ ਇਸ ਹੜ੍ਹਾਂ ਦੀ ਕੁਦਰਤੀ ਆਫ਼ਤ ਨਾਲ ਜੂਝ ਰਿਹਾ ਹੈ | ਜਿਸ ਕਾਰਨ ਸਰਬ ਸੰਮਤੀ ਨਾਲ ਇਸ ਸੰਮੇਲਨ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ |