ਨੰਗਲ, 5 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਕਾਂਗਰਸ ਪਾਰਟੀ ਨੰਗਲ ਸ਼ਹਿਰ ਦੇ ਪ੍ਰਸਿੱਧ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਅੱਜ ਸ਼ੁਰੂ ਕੀਤੇ ਗਏ ਰਾਹਤ ਕਾਰਜਾਂ ਲਈ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਡਾਕਟਰ ਰਮੇਸ਼ ਗੁਲਾਟੀ ਵਲੋਂ ਕੀਤੇ ਜਾਣ ਵਾਲੇ ਹਰ ਹੁਕਮ ਦੀ ਪਾਲਣਾ ਕਰੇਗੀ | ਇਨਾ ਸ਼ਬਦਾਂ ਦਾ ਪ੍ਰਗਟਾਵਾ ਅੱਜ ਨਗਰ ਕੌਂਸਲ ਨੰਗਲ ਅਤੇ ਬਲਾਕ ਕਾਂਗਰਸ ਕਮੇਟੀ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਵਲੋਂ ਕੀਤਾ ਗਿਆ | ਉਹਨਾਂ ਕਿਹਾ ਕਿ ਪਿਛਲੇ ਦਿਨੀ ਸਤਲੁਜ ਦਰਿਆ ਵਿਚ ਜਿਆਦਾ ਪਾਣੀ ਆ ਜਾਣ ਕਾਰਨ ਤੇਜ਼ ਵਹਾਅ ਵਾਲੇ ਦਰਿਆਈ ਪਾਣੀ ਦੀ ਮਾਰ ਨਾਲ ਉਕਤ ਮੰਦਰ ਦੇ ਡਿੱਗੇ ਡੰਗੇ ਕਾਰਨ ਮੰਦਰ ਦੀ ਇਮਾਰਤ ਨੂੰ ਪੈਦਾ ਹੋਏ ਖਤਰੇ ਨੂੰ ਰੋਕਣ ਲਈ ਲਈ ਅੱਜ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਰਾਹਤ ਕਾਰਜਾਂ ਲਈ ਸ਼ੁਰੂ ਕੀਤੀ ਗਈ ਸੀ | ਇਨਾਂ ਰਾਹਤ ਕਾਰਜਾਂ ਦੀ ਸੇਵਾ ਵਿਚ ਯੋਗਦਾਨ ਪਾਉਣ ਲਈ ਸਮੂਹ ਕਾਂਗਰਸੀ ਕੌਂਸਲਰ ਅਤੇ ਹੋਰ ਪਾਰਟੀ ਵਰਕਰ ਵੱਡੀ ਗਿਣਤੀ ਵਿਚ ਲਕਸ਼ਮੀ ਨਰਾਇਣ ਮੰਦਰ ਪਹੁੰਚੇ ਸਨ | ਪਰ ਕੈਬਨਿਟ ਮੰਤਰੀ ਅਤੇ ਉਨਾਂ ਦੀ ਟੀਮ ਵਲੋਂ ਮੋਹਰੀ ਰੋਲ ਨਿਭਾਇਆ ਜਾ ਰਿਹਾ ਸੀ ਤਾਂ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਡਾਕਟਰ ਰਮੇਸ਼ ਗੁਲਾਟੀ ਵਲੋਂ ਦੋ ਅਲੱਗ ਅਲੱਗ ਸਿਆਸੀ ਜਮਾਤਾਂ ਦੇ ਵਰਕਰਾਂ ਵਿਚ ਕਿਸੇ ਕਿਸਮ ਦਾ ਕੋਈ ਤਕਰਾਰ ਪੈਦਾ ਨਾ ਹੋਵੇ ਨੂੰ ਆਪਣੀ ਦੂਰ ਅੰਦੇਸ਼ੀ ਸੋਚ ਅਤੇ ਸੂਝਬੂਝ ਨਾਲ ਟਾਲਿਆ ਗਿਆ ਜਿਸ ਮਗਰੋਂ ਕਾਂਗਰਸ ਪਾਰਟੀ ਦੇ ਵੱਡੀ ਗਿਣਤੀ ਵਿਚ ਵਰਕਰ ਵਾਪਸ ਆ ਗਏ | ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ ਨੇ ਕਿਹਾ ਕਿ ਮੇਰੇ ਸਾਥੀ ਕੌਂਸਲਰਾਂ ਵਲੋਂ ਫਿਰ ਵੀ ਇਸ ਪਵਿੱਤਰ ਰਾਹਤ ਕਾਰਜ ਵਿਚ ਸ਼ਰਧਾ ਤੇ ਸਤਿਕਾਰ ਨਾਲ ਆਪਣਾ ਮੁਕੰਮਲ ਯੋਗਦਾਨ ਸੇਵਾ ਕਰਕੇ ਪਾਇਆ ਗਿਆ | ਇਸ ਮੌਕੇ ਉਹਨਾਂ ਨਾਲ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਡਾਕਟਰ ਰਮੇਸ਼ ਗੁਲਾਟੀ, ਨਗਰ ਸੁਧਾਰ ਟਰਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਸੀਨੀਅਰ ਕਾਂਗਰਸੀ ਆਗੂ ਅਸ਼ੋਕ ਸੈਣੀ, ਕੌਂਸਲਰ ਸੁਰਿੰਦਰ ਪੰਮਾ ,ਸਨੀਲ ਕਾਕਾ, ਬਿਕਰਮ ਮਹਾਜਨ, ਤਰਸੇਮ ਲਾਲ ਮੱਟੂ, ਬਲਵਿੰਦਰ ਬਾਲੀ, ਵਿਸ਼ਾਲ ਐਰੀ ਆਦਿ ਹਾਜ਼ਰ ਸਨ |