ਨੂਰਪੁਰ ਬੇਦੀ, 5 ਸਤੰਬਰ (ਵਿੰਦਰਪਾਲ ਝਾਂਡੀਆਂ)-ਬੀਤੇ ਤਿੰਨ ਦਿਨਾਂ ਤੋਂ ਨੂਰਪੁਰ ਬੇਦੀ ਇਲਾਕੇ 'ਚ ਪੈ ਰਹੀ ਲਗਾਤਾਰ ਭਾਰੀ ਵਰਖਾ ਕਾਰਨ ਇਲਾਕੇ ਦੇ ਹੜ ਪ੍ਰਭਾਵਿਤ ਪਿੰਡਾਂ 'ਚ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਖੁਦ ਪਾਣੀ 'ਚ ਘੁੰਮ ਰਹੇ ਹਨ ਅਤੇ ਪੀੜਤ ਪਿੰਡਾਂ ਦੇ ਲੋਕਾਂ ਦੀ ਸੇਵਾ 'ਚ ਸਰਗਰਮੀ ਨਾਲ ਸਹਾਇਤਾ ਲਈ ਜੁਟੇ ਹੋਏ ਹਨ | ਇਸਦੇ ਨਾਲ ਹੀ ਆਪਣੀ ਟੀਮ ਨੂੰ ਲੋਕਾਂ ਦੀ ਸੇਵਾ ਲਈ ਭੇਜਿਆ ਜਾ ਰਿਹਾ ਹੈ | ਜਿਸ ਤਹਿਤ ਪਿੰਡ ਦਹੀਰਪੁਰ ਅਤੇ ਅਬਿਆਣਾ ਵਿਖੇ ਹੜ੍ਹ ਕਾਰਨ ਪਸ਼ੂਆਂ ਲਈ ਚਾਰੇ ਦੀ ਵੱਡੀ ਕਮੀ ਆ ਗਈ ਸੀ | ਇਸ ਸੰਕਟ ਨੂੰ ਵੇਖਦੇ ਹੋਏ ਵਿਧਾਇਕ ਐਡਵੋਕੇਟ ਚੱਢਾ ਵਲੋਂ ਆਪਣੀ ਸੇਵਾ ਟੀਮ ਭੇਜੀ ਗਈ | ਜਿਸ ਨੇ ਪਿੰਡਾਂ ਵਿਚ ਪਹੁੰਚ ਕੇ ਪਸ਼ੂਆਂ ਲਈ ਅਚਾਰ ਅਤੇ ਚਾਰਾ ਸਪਲਾਈ ਕੀਤਾ | ਜਦੋਂ ਟੀਮ ਮੈਂਬਰ ਪਿੰਡਾਂ ਦੀਆਂ ਗਲੀਆਂ ਵਿਚ ਪਸ਼ੂਆਂ ਦੀ ਲੋੜ ਪੂਰੀ ਕਰਦੇ ਦਿਖਾਈ ਦਿੱਤੇ ਤਾਂ ਲੋਕਾਂ ਨੇ ਕਿਹਾ ਕਿ ਇਹ ਸੇਵਾ ਕਿਸੇ ਰਹਿਮਤ ਤੋਂ ਘੱਟ ਨਹੀਂ | ਹੜ੍ਹ ਦੇ ਸਮੇਂ ਪਸ਼ੂਆਂ ਦੀ ਜਾਨ ਬਚਾਉਣ ਲਈ ਚਾਰੇ ਦੀ ਉਪਲਬੱਧਤਾ ਲੋਕਾਂ ਦੇ ਜੀਵਨ-ਜੀਵਿਕਾ ਨੂੰ ਸੰਭਾਲਣ ਵਿਚ ਵੱਡੀ ਮਦਦ ਹੈ | ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਹਲਕੇ ਦੇ ਜਿਹੜੇ ਵੀ ਪਿੰਡ ਦਰਿਆ ਦੇ ਨਾਲ ਲੱਗਦੇ ਹਨ ਜਾਂ ਹੜ ਦੀ ਮਾਰ ਹੇਠ ਆ ਰਹੇ ਹਨ, ਉੱਥੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ | ਉਨਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ | ਜਿਸ ਲਈ ਉਹ ਆਪ ਖੁਦ ਤੇ ਉਨਾਂ ਦੀ ਟੀਮ ਪਿੰਡਾਂ 'ਚ ਸਰਗਰਮੀ ਨਾਲ ਯਤਨਸ਼ੀਲ ਹੈ | ਉਨਾਂ ਦੱਸਿਆ ਕਿ ਸਿਹਤ ਵਿਭਾਗ, ਵੈਟਰਨਰੀ ਵਿਭਾਗ ਅਤੇ ਹੋਰ ਵੱਖ-ਵੱਖ ਟੀਮਾਂ ਪਹਿਲਾਂ ਹੀ ਪਿੰਡਾਂ ਵਿਚ ਰਵਾਨਾ ਕਰ ਦਿੱਤੀਆਂ ਗਈਆਂ ਹਨ | ਜੋ ਲੋਕਾਂ ਨੂੰ ਲਗਾਤਾਰ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ | ਇਸ ਸੇਵਾ ਵਿਚ ਵਿਧਾਇਕ ਦੀ ਟੀਮ ਦੇ ਨਾਲ-ਨਾਲ ਬਲਾਚੌਰ ਦੇ ਪਿੰਡ ਟਕਾਰਲਾ ਦੇ ਨੌਜਵਾਨ ਅਤੇ ਰੀਹਲ ਕਾਰ ਅਸੈਸਰੀ ਵਲੋਂ ਵੀ ਪਸ਼ੂਆਂ ਲਈ ਅਚਾਰ ਅਤੇ ਹੋਰ ਰਾਸ਼ਨ ਸਮਗਰੀ ਭੇਜ ਕੇ ਸਾਂਝੀ ਸੇਵਾ ਦੀ ਮਿਸਾਲ ਪੇਸ਼ ਕੀਤੀ ਹੈ |