ਭਰਤਗੜ੍ਹ, 6 ਸਤੰਬਰ (ਜਸਬੀਰ ਸਿੰਘ ਬਾਵਾ)-ਅੱਜ ਤੜਕਸਾਰ ਖਰੋਟਾ ਦੇ ਉੱਪਰਲੇ ਵਾਸ ਦੇ ਵਸਨੀਕ ਹਰਮੀਤ ਸਿੰਘ ਪੁੱਤਰ ਪਿਆਰਾ ਸਿੰਘ ਦੇ ਘਰ ਅਤੇ ਮੌਜੂਦਾ ਸਰਪੰਚ ਕੁਲਵੰਤ ਸਿੰਘ ਦੇ ਘਰ ਦੇ ਸਾਹਮਣੇ 2 ਟਿੱਬਿਆਂ ਦੀਆਂ ਅਚਾਨਕ ਢਿੱਗਾਂ ਡਿੱਗਣ ਕਰਕੇ ਇਕ ਪਰਿਵਾਰ ਦੀ ਰਿਹਾਇਸ਼ ਅਤੇ ਵਿਹੜੇ 'ਚ ਖੜ੍ਹੇ ਮੋਟਰਸਾਈਕਲ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ, ਮੌਜੂਦਾ ਸਰਪੰਚ ਅਤੇ ਉਸ ਦੇ ਭਰਾ ਦੇ ਘਰਾਂ ਦੇ ਵਿਹੜਿਆਂ 'ਚ ਵੀ ਮਲਬਾ ਖਿੱਲਰ ਗਿਆ | ਸਰਪੰਚ ਦੀ ਮੌਜੂਦਗੀ 'ਚ ਹਰਮੀਤ ਸਿੰਘ ਦੀ ਪਤਨੀ ਜਸਪਾਲ ਕੌਰ ਨੇ ਦੱਸਿਆ ਕਿ ਉਕਤ ਰਿਹਾਇਸ਼ ਨੂੰ ਪ੍ਰਧਾਨ ਮੰਤਰੀ ਪੇਂਡੂ ਆਵਾਸ ਯੋਜਨਾ ਤਹਿਤ ਮਿਲੀ 1.20 ਲੱਖ ਰੁਪਏ ਨਾਲ ਅਤੇ ਨਿੱਜੀ ਤੌਰ 'ਤੇ 85 ਹਜ਼ਾਰ ਰੁਪਏ ਦੀ ਰਾਸ਼ੀ ਖ਼ਰਚ ਕੇ ਪਿਛਲੇ ਵਰ੍ਹੇ ਹੀ ਉਸਾਰਿਆ ਸੀ, ਰਹਿੰਦੇ ਕੰਮ ਵੀ ਇਸ ਦਾ ਪਤੀ ਮਜ਼ਦੂਰੀ ਕਰਕੇ ਪੂਰੇ ਕਰਨ ਦੀ ਯੋਜਨਾ ਬਣਾ ਰਿਹਾ ਸੀ, ਪਰ ਅੱਜ ਤੜਕਸਾਰ ਟਿੱਬਿਆਂ ਦੀ ਢਿਗ ਨਾਲ ਉਨ੍ਹਾਂ ਦੀ ਰਿਹਾਇਸ਼ ਨੂੰ ਨੁਕਸਾਨ ਹੋਇਆ ਹੈ, ਮੋਟਰਸਾਈਕਲ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਹੈ, ਅਸੀਂ ਦੋਵੇਂ ਜੀਅ ਢਿਗਾਂ ਡਿੱਗਣ ਦੀ ਆਵਾਜ਼ ਸੁਣ ਕੇ ਘਰੋਂ ਨਿਕਲਣ ਕਰਕੇ ਸੁਰੱਖਿਅਤ ਰਹੇ ਹਾਂ, ਬੱਚੇ ਵੀ ਸਹੀ ਸਲਾਮਤ ਹਨ | ਮੌਜੂਦਾ ਸਰਪੰਚ ਨੇ ਦੱਸਿਆ ਕਿ ਇਨ੍ਹਾਂ ਦੇ ਘਰ ਹਰੇਕ ਪੱਖੋਂ ਨੁਕਸਾਨ ਹੋਣ ਤੋਂ ਬਚਾਅ ਹੀ ਰਿਹਾ ਹੈ, ਵਿਹੜੇ 'ਚ ਖਿੱਲਰੇ ਮਲਬੇ ਨੂੰ ਹਟਾਉਣ ਵਾਸਤੇ ਸੰਬੰਧਿਤ ਵਿਭਾਗ ਤੋਂ ਮਨਜ਼ੂਰੀ ਲਵਾਂਗੇ | ਇਨ੍ਹਾਂ ਕਿਹਾ ਕਿ ਉਕਤ ਪਿੰਡ 'ਚ ਕਈ ਪਰਿਵਾਰਾਂ ਦੀਆਂ ਰਹਾਇਆਂ ਟਿੱਬਿਆਂ ਦੇ ਨੇੜੇ ਬਣੀਆਂ ਹਨ, ਅਜਿਹੇ ਮੌਸਮ ਦੌਰਾਨ ਹੋਰਨਾਂ ਵਸਨੀਕਾਂ ਦੀ ਰਹਾਇਆਂ 'ਤੇ ਅਜੇ ਖ਼ਤਰਾ ਮੰਡਰਾ ਰਿਹਾ ਹੈ, ਪਹਿਲਾਂ ਸਾਫ਼ ਸੁਥਰੇ ਮੌਸਮ 'ਚ ਜਦੋਂ ਕਿਸੇ ਟਿੱਬੇ ਦੇ ਖਿੱਲਰੇ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਮਾਮੂਲੀ ਜਿਹੀ ਸ਼ਿਕਾਇਤ ਮਿਲਣ 'ਤੇ ਵਿਭਾਗ ਦੇ ਅਧਿਕਾਰੀ ਮਲਬਾ ਹਟਾਉਣ ਤੋਂ ਬੰਦ ਕਰ ਜਾਂਦੇ ਹਨ, ਹੁਣ ਨੁਕਸਾਨ ਹੋ ਰਿਹਾ ਹੈ, ਪਰ ਵਿਭਾਗ ਦੇ ਅਧਿਕਾਰੀ ਬੇਖ਼ਬਰ ਹਨ | ਮੌਜੂਦਾ ਸਰਪੰਚ ਕੁਲਵੰਤ ਸਿੰਘ ਸਮੇਤ ਪੀੜਤਾਂ ਨੇ ਹਲਕਾ ਵਿਧਾਇਕ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਂਦਿਆਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਨੁਕਸਾਨੀ ਜਾ ਚੁੱਕੀ ਰਿਹਾਇਸ਼ ਦੀ ਮੁਰੰਮਤ ਲਈ ਲੋੜੀਂਦੀ ਰਾਸ਼ੀ ਅਤੇ ਭਵਿੱਖ 'ਚ ਹੋਰ ਕਿਸੇ ਘਰ ਨੂੰ ਨੁਕਸਾਨ ਨਾ ਪੁੱਜਣ ਤੋਂ ਰੋਕਣ ਲਈ ਇਨ੍ਹਾਂ ਟਿੱਬਿਆਂ ਦੇ ਮਲਬੇ ਨੂੰ ਹਟਾਉਣ ਲਈ ਮਨਜ਼ੂਰੀ ਦੇਣ |