ਨੂਰਪੁਰ ਬੇਦੀ, 23 ਸਤੰਬਰ (ਵਿੰਦਰਪਾਲ ਝਾਂਡੀਆਂ)-ਗੁਰਦੁਆਰਾ ਸ਼ਹੀਦ ਬੁੰਗਾ ਬਗੀਚੀ ਸਾਹਿਬ ਪਿੰਡ ਅਬਿਆਣਾ ਵਿਖੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਦੀ ਅਗਵਾਈ ਹੇਠ ਤਿੰਨ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ਾਂ ਦੀ ਯਾਦ ਵਿਚ ਤਿੰਨ ਦਿਨਾਂ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਸੰਤ ਗਿਆਨੀ ਬਾਬਾ ਮਿੱਤ ਸਿੰਘ ਮੰਡਿਆਣੀ ਕਲਾਂ ਮੁੱਲਾਪੁਰ ਦਾਖਾ, ਬਾਬਾ ਧਰਮ ਸਿੰਘ ਅਬਿਆਣਾ ਅਤੇ ਬਾਬਾ ਹਰੀ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ | ਸਮਾਗਮ ਦੌਰਾਨ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸ਼ੇਰ ਸਿੰਘ ਅੰਬਾਲਾ ਨੇ ਇਤਿਹਾਸਕ ਪੰਨਿਆਂ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਸੰਤ ਮਹਾਂਪੁਰਸ਼ ਉਸ ਸਮੇਂ ਦੇਸ਼ ਵਿਚ ਚੱਲ ਰਹੀਆਂ ਤਰੁੱਟੀਆਂ ਕਈ ਸੂਬਿਆਂ ਵਿਚੋਂ ਸਿੰਘਾਂ ਦੇ ਸ਼ਸਤਰ ਧਾਰਨ ਕਰਕੇ ਨਾ ਲੰਘਣ ਦੇਣ ਦੇ ਹਾਲਾਤਾਂ ਤੇ ਵੱਡੀ ਔਕੜਾਂ ਦਾ ਸਾਹਮਣਾ ਕਰਦਿਆਂ, ਛੇ ਮਹੀਨੇ ਦੀ ਪੈਦਲ ਯਾਤਰਾ ਕਰਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਦੇੜ ਪਹੁੰਚੇ ਸਨ | ਯਾਤਰਾ ਦੌਰਾਨ ਉਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਦੇ ਬ੍ਰਹਮ ਗਿਆਨੀ ਸੰਤਾਂ ਨਾਲ ਸੁਮੇਲ ਹੋਣਾ ਤੇ ਵਚਨਾਂ ਮੁਤਾਬਿਕ ਉਨ੍ਹਾਂ ਸੰਤਾਂ ਦਾ ਸਰੀਰ ਤਿਆਗਣਾਂ ਅਤੇ ਸਿੰਘਾਂ ਵਲੋਂ ਉਨ੍ਹਾਂ ਦਾ ਸੰਸਕਾਰ ਕਰਨਾ ਸਮੇਤ ਕਈ ਅਹਿਮ ਪਹਿਲੂਆਂ ਤੇ ਚਾਨਣਾ ਪਾਇਆ ਅਤੇ ਕਰੀਬ 39 ਸਾਲਾਂ ਤੱਕ ਉੱਥੇ ਉਨ੍ਹਾਂ ਨੇ ਅਖੰਡ ਸੇਵਾ ਨਿਭਾਈ | ਉਨ੍ਹਾਂ ਕਿਹਾ ਕਿ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਇਨ੍ਹਾਂ ਮਹਾਂਪੁਰਸ਼ਾਂ ਨੇ ਇਤਿਹਾਸ ਸਿਰਜਿਆ ਤੇ ਸਿੱਖ ਕੌਮ ਦੀ ਵਡਮੁੱਲੀ ਸੇਵਾ ਕੀਤੀ | ਇਸ ਪਵਿੱਤਰ ਮੌਕੇ 'ਤੇ ਤਿੰਨ ਦਿਨਾਂ ਤੋਂ ਚੱਲ ਰਹੇ ਤਿੰਨ ਅਖੰਡ ਪਾਠ ਸਾਹਿਬਾ ਦੇ ਭੋਗ ਪਾਏ ਗਏ | ਬਾਬਾ ਬਲਦੇਵ ਸਿੰਘ ਵਲੋਂ ਵੱਖ-ਵੱਖ ਸਤਿਕਾਰਯੋਗ ਸ਼ਖ਼ਸੀਅਤਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤੇ ਗਏ, ਤੇ ਉਨ੍ਹਾਂ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ | ਸਮਾਗਮ ਮੌਕੇ ਬਾਬਾ ਸਰੂਪ ਸਿੰਘ ਡੂਮੇਵਾਲ, ਬਾਬਾ ਸਤਨਾਮ ਸਿੰਘ ਬੂੰਗਾ ਸਾਹਿਬ, ਬਾਬਾ ਤਰਲੋਚਨ ਸਿੰਘ ਬੜਾ ਪਿੰਡ, ਬਾਬਾ ਅਵਤਾਰ ਸਿੰਘ ਵਿਧੀ ਚੰਦ ਵਾਲੇ, ਵੀਰ ਸਿੰਘ ਬੜਵਾ, ਸਮਾਜ ਸੇਵੀ ਗੌਰਵ ਰਾਣਾ, ਅਜਵਿੰਦਰ ਸਿੰਘ ਬੇਈਹਾਰਾ, ਬਲਵੀਰ ਸਿੰਘ ਮੁੰਨੇ, ਹਰਪ੍ਰੀਤ ਸਿੰਘ ਭੱਟੋ, ਕਰਮ ਸਿੰਘ ਦਹੀਰਪੁਰ, ਅਜਵਿੰਦਰ ਸਿੰਘ ਆਜਮਪੁਰ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |