ਭਰਤਗੜ੍ਹ, 25 ਸਤੰਬਰ (ਜਸਬੀਰ ਸਿੰਘ ਬਾਵਾ)-ਸੱਚਖੰਡਵਾਸੀ ਬ੍ਰਹਮ ਗਿ. ਸੰਤ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਦੀ ਯਾਦ ਅਤੇ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਦੀ ਰਹਿਨੁਮਾਈ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੌਮਾਂਤਰੀ ਦੰਗਲ ਦੇ ਅੰਤਲੇ ਦਿਨ ਦੇ ਘੋਲ ਮੁਕਾਬਲੇ ਸਮਾਪਤ ਹੋ ਗਏ | ਉਕਤ ਚਾਰ ਦਿਨਾਂ ਦੰਗਲ ਦੇ ਅੰਤਲੇ ਦਿਨ ਦੇ ਇਹ ਮੁਕਾਬਲੇ 20 ਅਗਸਤ ਨੂੰ ਭਾਰੀ ਮੀਂਹ ਪੈਣ ਕਰਕੇ ਰੱਦ ਕਰ ਦਿੱਤੇ ਸਨ, ਪਰ ਪ੍ਰਬੰਧਕਾਂ ਨੇ ਸਾਂਝੇ ਸਲਾਹ-ਮਸ਼ਵਰੇ ਨਾਲ 24 ਸਤੰਬਰ ਨੂੰ ਇਹ ਅੰਤਲੇ ਦਿਨ ਦੇ ਘੋਲ ਮੁਕਾਬਲੇ ਕਰਵਾਉਣ ਦਾ ਫ਼ੈਸਲਾ ਲਿਆ ਸੀ | ਉਕਤ ਮੁਕਾਬਲੇ ਬਾਅਦ ਦੁਪਹਿਰ 2 ਵਜੇ ਤੋਂ ਅਰੰਭ ਹੋਕੇ ਸ਼ਾਮੀਂ ਸਾਢੇ 7 ਵਜੇ ਤੱਕ ਚੱਲਦੇ ਰਹੇ | ਇਨ੍ਹਾਂ ਮੁਕਾਬਲਿਆਂ ਦੌਰਾਨ 50 ਵਰਿ੍ਹਆਂ ਤੋਂ ਘੱਟ ਉਮਰ ਦੇ ਪਹਿਲਵਾਨਾਂ ਨੂੰ ਘੋਲ ਕਰਨ ਦੀ ਇਜਾਜ਼ਤ ਦਿੱਤੀ ਹੋਈ ਸੀ, ਸਾਰੇ ਘੋਲਾਂ ਦੇ ਜੇਤੂ, ਉਪ-ਜੇਤੂ ਪਹਿਲਵਾਨਾਂ ਨੂੰ ਵਾਜਬ ਰਾਸ਼ੀ ਨਾਲੋਂ-ਨਾਲ ਸੌਂਪੀ ਗਈ | ਡੇਢ-ਡੇਢ ਲੱਖ ਰੁਪਏ ਦੀ ਇਨਾਮੀ ਰਾਸ਼ੀ ਲਈ ਦੋ ਪਟਕਿਆਂ ਦੇ ਘੋਲਾਂ ਦੀ ਸ਼ੁਰੂਆਤ ਸਬੰਧਿਤ ਪਹਿਲਵਾਨਾਂ 'ਚ ਨੰਬਰਦਾਰ ਉਜਾਗਰ ਸਿੰਘ ਢਿੱਲੋਂ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਜੈਕਾਰ ਸਿੰਘ ਢਿੱਲੋਂ, ਅਜੀਤ ਸਿੰਘ ਢਿੱਲੋਂ, ਸਾਬਕਾ ਸਰਪੰਚ ਯੋਗੇਸ਼ ਪੁਰੀ, ਕਰਨ ਸਿੰਘ ਢਿੱਲੋਂ, ਵਿਨੀਤ ਭੱਲਾ, ਚੌਧਰੀ ਅਮਰੀਕ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਕਰਵਾਈ ਅੰਤ 'ਚ ਅਵਿਨਾਇਕ ਯੂ.ਪੀ. ਨੇ ਛੋਟਾ ਸੁਦਾਮ ਹੁਸ਼ਿਆਰਪੁਰ ਨੂੰ ਕੁੱਝ ਮਿੰਟਾਂ 'ਚ ਚਿੱਤ ਕਰਕੇ ਪਟਕੇ ਦਾ ਘੋਲ ਆਪਣੇ ਨਾਂਅ ਕੀਤਾ ਅਤੇ ਵਿਦੇਸ਼ੀ ਪਹਿਲਵਾਨ, ਆਪਣੇ ਵਿਰੋਧੀ ਨੂੰ ਹਰਾ ਕੇ ਦੂਜੇ ਪਟਕੇ ਦੇ ਘੋਲ 'ਚ ਜੇਤੂ ਰਿਹਾ | ਸਬੰਧਿਤ ਪ੍ਰਬੰਧਕਾਂ ਵਲੋਂ ਜੇਤੂ ਉਪ-ਜੇਤੂ ਪਹਿਲਵਾਨਾਂ ਨੂੰ ਇਨਾਮੀ ਰਾਸ਼ੀ ਸੌਂਪਣ ਮੌਕੇ ਜਸਵਿੰਦਰ ਸਿੰਘ ਢਿੱਲੋਂ, ਡਾ. ਗੁਰਦੇਵ ਸਿੰਘ ਅਟਵਾਲ, ਪੰਚ ਧਲਵੰਤ ਸਿੰਘ ਰਾਣਾ, ਵਿਸ਼ਵ ਪ੍ਰਸਿੱਧ ਢਾਡੀ ਗਿਆਨੀ ਗੁਰਿੰਦਰ ਸਿੰਘ ਬੈਂਸ, ਢਾਡੀ ਗਿਆਨੀ ਜਤਿੰਦਰ ਸਿੰਘ ਬੈਂਸ ਸਮੇਤ ਭਾਰੀ ਗਿਣਤੀ 'ਚ ਮੁਹਤਬਰ ਅਤੇ ਖੇਡ ਪ੍ਰੇਮੀ ਸ਼ਾਮਿਲ ਸਨ |