ਨੰਗਲ, 26 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਅਥਾਹ ਕੁਦਰਤੀ ਸੁਹੱਪਣ ਦੇ ਬਾਵਜੂਦ ਨੰਗਲ ਸੈਰਗਾਹ ਨਹੀਂ ਬਣ ਸਕਿਆ, ਜਿਸ ਕਾਰਨ ਲੋਕ ਅੰਤਾਂ ਦਾ ਮਾਨਸਿਕ ਸੰਤਾਪ ਹੰਢਾਅ ਰਹੇ ਹਨ | ਦੇਸ਼ ਦੇ ਹਰ ਸ਼ਹਿਰ ਦੀ ਅਬਾਦੀ ਵੱਧ ਰਹੀ ਹੈ ਪਰ ਨੰਗਲ ਦੀ ਘੱਟ ਰਹੀ ਹੈ | ਨੰਗਲ-ਭਾਖੜਾ ਪ੍ਰਾਜੈਕਟ ਦੇਖਣ ਹਰ ਵਰ੍ਹੇ ਪੰਜ ਲੱਖ ਤੋਂ ਵੱਧ ਸੈਲਾਨੀ ਆਉਂਦੇ ਹਨ | ਭਾਖੜਾ ਡੈਮ ਆਉਣ ਵਾਲੇ ਸੈਲਾਨੀ ਨਿਰਾਸ਼ ਹੋ ਕੇ ਪਰਤਦੇ ਹਨ ਕਿਉਂਕਿ ਭਾਖੜਾ ਡੈਮ ਦੇ ਅੰਦਰੂਨੀ ਹਿੱਸੇ ਸੈਲਾਨੀਆਂ ਲਈ ਬੰਦ ਹਨ | ਅੱਜ ਕੱਲ੍ਹ ਢਿੱਗਾਂ ਡਿੱਗਣ ਕਾਰਨ ਨੰਗਲ-ਭਾਖੜਾ ਰੋਡ ਬੰਦ ਹੈ | ਸੈਲਾਨੀਆਂ ਲਈ 'ਵਾਈਟ ਪਰਮਿਟ' ਵੀ ਬੰਦ ਹੈ | 'ਵਾਇਟ ਪਰਮਿਟ' ਧਾਰਕ ਨੰਗਲ-ਨੈਣਾ ਦੇਵੀ ਸੜਕ 'ਤੇ ਖੜ੍ਹੋ ਕੇ ਦੂਰੋਂ ਭਾਖੜਾ ਡੈਮ ਦੇਖ ਸਕਦੇ ਹਨ | ਨੰਗਲ-ਭਾਖੜਾ ਰੇਲ ਵੀ ਬੰਦ ਹੈ ਕਿਉਂਕਿ ਟਰੈਕ 'ਤੇ ਮਲਬਾ ਆ ਗਿਆ ਹੈ | ਭਾਖੜਾ ਡੈਮ ਸਥਿਤ ਹਿਮਾਚਲ ਸਰਕਾਰ ਦਾ 'ਸਾਗਰ ਰੈਸਟੋਰੈਂਟ' ਅਤੇ ਨੰਗਲ ਸਥਿਤ ਪੰਜਾਬ ਸਰਕਾਰ ਦਾ 'ਕਦੰਬਾ ਟੂਰਿਸਟ ਕੰਪਲੈਕਸ' ਬੰਦ ਪਏ ਹਨ | ਰਾਮਸਰ (ਇਰਾਨ) ਸੰਧੀ ਅਧੀਨ ਭਾਵੇਂ ਨੰਗਲ ਡੈਮ ਜਲਗਾਹ ਨੂੰ ਅੰਤਰਾਸ਼ਟਰੀ ਦਰਜਾ ਮਿਲ ਗਿਆ ਹੈ, ਪਰ ਝੀਲ ਦਾ ਚੌਗਿਰਦਾ ਮਿੱਤਰ ਵਿਕਾਸ ਨਹੀਂ ਹੋਇਆ | ਨੰਗਲ-ਭਾਖੜਾ ਪ੍ਰਾਜੈਕਟ ਦੇ ਨਿਰਮਾਣ ਸਮੇਂ (1948-1963) ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ 13 ਵਾਰੀ ਨੰਗਲ ਆਏ | ਪੰਡਤ ਨਹਿਰੂ 'ਸਤਲੁਜ ਸਦਨ' 'ਚ ਠਹਿਰਦੇ ਸਨ | 'ਸਤਲੁਜ ਸਦਨ' ਦੇ ਇਤਿਹਾਸਕ 'ਸ਼ੀਸ਼ਾ ਘਰ' 'ਚ ਮਿਤੀ 28.04.1954 ਨੂੰ ਪੰਡਤ ਨਹਿਰੂ ਅਤੇ ਉਨ੍ਹਾਂ ਦੇ ਹਮਰੁਤਬਾ ਚੀਨ ਦੇ ਮੁਖੀ ਚਾਓ ਐੱਨ. ਲੀ ਵਿਚਾਲੇ 'ਪੰਚਸ਼ੀਲ ਸਮਝੋਤਾ' ਹੋਇਆ ਸੀ | 'ਸਤਲੁਜ ਸਦਨ' 'ਪੰਡਤ ਨਹਿਰੂ ਦਾ ਕਮਰਾ' ''ਸ਼ੀਸ਼ਾ ਘਰ'' ਆਮ ਦਰਸ਼ਕਾਂ ਲਈ ਬੰਦ ਹਨ | ਬਤੌਰ ਸਾਂਸਦ ਸੰਗਰੂਰ ਭਗਵੰਤ ਸਿੰਘ ਮਾਨ ਲੋਕ ਸਭਾ 'ਚ ਨੰਗਲ ਦੇ ਸੁਹੱਪਣ ਦੀ ਤੁਲਨਾ ਬਿ੍ਟਿਸ਼ ਕੋਲੰਬੀਆਂ ਨਾਲ ਕਰਦੇ ਰਹੇ | ਸ. ਮਾਨ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਨੰਗਲ ਨੂੰ ਸੰਸਾਰ ਦੀ ਨੰਬਰ ਇਕ ਸੈਰਗਾਹ ਬਣਾਉਣ ਦਾ ਐਲਾਨ ਕੀਤਾ ਸੀ, ਪਰ ਹੋਇਆ ਕੱਖ ਨਹੀਂ | ਭਗਵੰਤ ਮਾਨ ਅਤੇ ਹਰਜੋਤ ਸਿੰਘ ਬੈਂਸ ਦੇ ਕਰੀਬੀ ਡਾ. ਸੰਜੀਵ ਗੌਤਮ (ਜ਼ਿਲ੍ਹਾ ਇੰਚਾਰਜ 'ਆਪ') ਨੇ ਦੱਸਿਆ ਕਿ ਪੰਜਾਬ ਸਰਕਾਰ ਠੋਸ ਯਤਨ ਕਰ ਰਹੀ ਹੈ ਅਤੇ ਤੁਸੀਂ ਨੇੜ ਭਵਿੱਖ 'ਚ ਕਦੰਬਾ ਟੂਰਿਸਟ ਕੰਪਲੈਕਸ ਦਾ ਨਵਾਂ ਰੂਪ ਦੇਖੋਗੇ | ਐੱਸ.ਡੀ.ਐੱਮ. ਨੰਗਲ ਸਚਿਨ ਪਾਠਕ ਨੇ ਦੱਸਿਆ ਕਿ ਅਸੀਂ 'ਗਲਾਸ ਬਿ੍ਜ ਪ੍ਰਾਜੈਕਟ' 'ਤੇ ਕੰਮ ਕਰ ਰਹੇ ਹਨ | ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਦੱਸਿਆ ਕਿ ਅਸੀਂ ਸਤਲੁਜ ਪਾਰਕ ਦਾ ਨਿਰਮਾਣ ਕੀਤਾ | ਕੁੱਝ ਰਾਜਸੀ ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਕਾਰਨ ਮੇਰਾ ਡਰੀਮ ਪ੍ਰਾਜੈਕਟ ''ਢੋਲਾਂ ਵਾਲਾ ਪੁਲ'' ਬਣਨੋਂ ਰਹਿ ਗਿਆ | ਇਸ ਪੁਲ ਨੇ ਸ਼ਹਿਰ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ ਸੀ |