ਸ੍ਰੀ ਚਮਕੌਰ ਸਾਹਿਬ, 26 ਸਤੰਬਰ (ਜਗਮੋਹਣ ਸਿੰਘ ਨਾਰੰਗ)-ਕੇਂਦਰ ਸਰਕਾਰ ਦੀ ਪ੍ਰਸ਼ਾਦ ਸਕੀਮ ਤਹਿਤ ਸੈਰ ਸਪਾਟਾ ਵਿਭਾਗ ਪੰਜਾਬ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਸ਼ਾਨਦਾਰ ਇਮਾਰਤਾਂ ਜਿਨ੍ਹਾਂ ਦਾ ਉਦਘਾਟਨ ਕਰੀਬ ਡੇਢ ਵਰ੍ਹੇ ਪਹਿਲਾਂ 12 ਮਾਰਚ 2024 ਨੂੰ ਉਦੋਂ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੇ ਕੀਤਾ ਸੀ, ਪਰ ਡੇਢ ਵਰ੍ਹਾ ਬੀਤ ਜਾਣ ਦੇ ਬਾਵਜੂਦ ਨਾ ਤਾਂ ਪੈਸੰਜਰ ਟਰਮੀਨਲ (ਬੱਸ ਅੱਡਾ) ਦੀ ਸ਼ੁਰੂਆਤ ਹੋਈ ਤੇ ਨਾ ਹੀ ਵਿਜ਼ੀਟਰ ਸੈਂਟਰ ਨੂੰ ਸ਼ੁਰੂ ਕੀਤਾ ਜਾ ਸਕਿਆ | ਨਵੇਂ ਉਸਾਰੇ ਤਿੰਨ ਮੰਜਲਾ ਬੱਸ ਸਟੈਂਡ ਵਿਚ ਬੱਸ ਅਪ੍ਰੇਟਰਾਂ ਤੇ ਕੰਡਕਟਰਾਂ ਲਈ ਵਿਸ਼ਰਾਮ ਕਮਰਾ, ਕੈਫੇਟੇਰੀਆ, ਦੁਕਾਨਾਂ, ਲਿਫਟ ਤੇ ਯਾਤਰੀਆਂ ਲਈ ਜਨਤਕ ਪਖਾਨੇ ਬਣਾਏ ਗਏ ਸਨ, ਪਰ ਇਸ ਦਾ ਲਾਭ ਅਜੇ ਹਾਸਲ ਨਹੀ ਹੋਇਆ | ਬੱਸ ਅੱਡੇ ਦੇ ਨਾਲ ਹੀ ਉਸ ਦਿਨ ਵਿਜ਼ੀਟਰ ਸੈਂਟਰ ਦਾ ਵੀ ਉਦਘਾਟਨ ਕੀਤਾ ਗਿਆ | ਇਸ ਇਮਾਰਤ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ | ਇਸ ਇਮਾਰਤ ਨੂੰ ਵੀ ਬੱਸ ਅੱਡੇ ਦੀ ਇਮਾਰਤ ਵਾਂਗ ਖੰਡਰ ਹੋਣ ਨੂੰ ਛੱਡ ਦਿੱਤਾ ਗਿਆ | ਭਾਵੇਂ ਬੱਸ ਅੱਡੇ ਦੇ ਬਾਹਰੋਂ ਬੱਸਾਂ ਸਵਾਰੀਆਂ ਚੁੱਕਦੀਆਂ ਹਨ, ਪਰ ਅੱਡੇ ਅੰਦਰ ਜਾਣ ਵਾਲਾ ਗੇਟ ਬੰਦ ਹੈ ਤੇ ਪਿੱਛਲੇ ਦਿਨੀ ਇਮਾਰਤ ਤੋਂ ਟਾਇਲਾਂ ਵੀ ਡਿਗਣੀਆਂ ਸ਼ੁਰੂ ਹੋ ਗਈਆਂ ਹਨ | ਇਹ ਵੀ ਪਤਾ ਲੱਗਾ ਹੈ ਕਿ ਬੱਸ ਅੱਡੇ ਦੀ ਸਪੁਰਦਗੀ ਨੂੰ ਲੈ ਕੇ ਨਗਰ ਕੌਂਸਲ ਤੇ ਬਲਾਕ ਸੰਮਤੀ ਵਿਚਾਲੇ ਚੱਲ ਰਿਹਾ ਮਾਮਲਾ ਉੱਚ ਅਦਾਲਤ ਵਿਚ ਹੈ, ਜਿਸ ਕਾਰਨ ਬੱਸ ਅੱਡੇ ਦੀ ਸ਼ੁਰੂਆਤ ਦਾ ਮਾਮਲਾ ਲਟਕਿਆ ਹੋਇਆ ਹੈ | ਇਲਾਕਾ ਵਾਸੀਆਂ ਦੀ ਮੰਗ ਹੈ ਇਨ੍ਹਾਂ ਇਮਾਰਤਾਂ ਦੇ ਖੰਡਰ ਬਣਨ ਦੀ ਬਜਾਏ ਇਨ੍ਹਾਂ ਨੂੰ ਵਰਤੋਂ ਵਿਚ ਲਿਆ ਕੇ ਲੱਗੇ ਕਰੋੜਾਂ ਰੁਪਏ ਦੇ ਕੌਮੀ ਧੰਨ ਨੂੰ ਬਚਾਇਆ ਜਾਵੇ |