ਨੂਰਪੁਰ ਬੇਦੀ, 26 ਸਤੰਬਰ (ਵਿੰਦਰਪਾਲ ਝਾਂਡੀਆਂ)-ਮਹਾਰਾਜ ਬ੍ਰਹਮ ਸਾਗਰ ਬ੍ਰਹਮਾਨੰਦ ਭੂਰੀ ਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਦੀਆਂ ਖਿਡਾਰਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਤਰ ਕਾਲਜ ਮੁਕਾਬਲੇ ਵਿਚ ਦੂਜਾ ਸਥਾਨ ਹਾਸਿਲ ਕੀਤਾ ਹੈ, ਜੋ ਇਲਾਕੇ ਤੇ ਕਾਲਜ ਲਈ ਵੱਡੇ ਮਾਣ ਵਾਲੀ ਗੱਲ ਹੈ | ਪ੍ਰੋਫੈਸਰ ਕੁਲਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਇਹ ਮੁਕਾਬਲੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ | ਜਿਸ ਵਿਚ ਸਾਡੇ ਕਾਲਜ ਦੀ ਵਿਦਿਆਰਥਣ ਨਰਿੰਦਰ ਕੌਰ ਬੀ.ਏ ਭਾਗ ਤੀਜਾ ਨੇ ਵਿਅਕਤੀਗਤ ਤੌਰ ਤੇ 40 ਕਿਲੋਗ੍ਰਾਮ ਭਾਰ ਵਰਗ ਵਿਚ ਦੂਜਾ ਅਤੇ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਮਧੂ ਨੇ ਤੀਜਾ ਸਥਾਨ ਹਾਸਿਲ ਕੀਤਾ | 53 ਕਿਲੋਗ੍ਰਾਮ ਭਾਰ ਵਰਗ ਵਿਚ ਬੀ. ਕਾਮ ਦੂਜਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਜਦਕਿ 58 ਕਿਲੋਗ੍ਰਾਮ ਭਾਰ ਵਰਗ ਵਿਚ ਬੀ.ਏ ਭਾਗ ਦੂਜਾ ਦੀ ਵਿਦਿਆਰਥਣ ਪ੍ਰੀਤੀ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਹੀ ਤਰ੍ਹਾਂ ਹਰਪ੍ਰੀਤ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਜਾਨੀਆ ਅਤੇ ਅੰਜਲੀ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ | ਇਸ ਮੌਕੇ ਸਮੂਹ ਟਰੱਸਟ ਮੈਂਬਰ ਸਹਿਬਾਨਾਂ, ਪਿ੍ੰਸੀਪਲ ਮੈਡਮ ਅਤੇ ਸਮੂਹ ਸਟਾਫ ਵਲੋਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ ਅਤੇ ਸਨਮਾਨ ਕੀਤਾ |