ਨੰਗਲ, 26 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸਤਲੁਜ ਅਤੇ ਸਵਾ ਨਦੀ ਉੱਤੇ ਲਗਪਗ ਕਰੋੜਾ ਦੀ ਲਾਗਤ ਨਾਲ 3 ਪੁਲ ਬਣਾਉਣ ਦੇ ਕੰਮ ਦੀ ਸ਼ੁਰੂਆਤ 2 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਹੋਵੇਗੀ, ਜਿਸ ਨਾਲ ਲਗਪਗ 30 ਪਿੰਡਾਂ ਦਾ ਰੋਜ਼ਾਨਾ 15 ਕਿੱਲੋਮੀਟਰ ਸਫ਼ਰ ਘੱਟ ਹੋ ਜਾਵੇਗਾ | ਪੰਜਾਬ ਸਰਕਾਰ ਵਲੋਂ ਉਸਾਰੇ ਜਾ ਰਹੇ ਇਨ੍ਹਾਂ ਪੁਲਾਂ ਦੇ ਨਿਰਮਾਣ ਨਾਲ ਧਾਰਮਿਕ ਅਸਥਾਨ ਖੁਰਾਲਗੜ੍ਹ ਤੇ ਹਿਮਾਚਲ ਪ੍ਰਦੇਸ਼ ਨੂੰ ਜਾਣ ਦਾ ਰਾਹ ਹੋਰ ਸੁਖਾਲਾ ਹੋ ਜਾਵੇਗਾ | ਇਹ ਜਾਣਕਾਰੀ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਦਿੰਦੇ ਹੋਏ ਦੱਸਿਆ ਕਿ ਲਗਪਗ 7 ਦਹਾਕਿਆਂ ਤੋਂ ਇਸ ਇਲਾਕੇ ਦੇ ਲੋਕ ਸੁਚਾਰੂ ਆਵਾਜਾਈ ਦੀ ਸਹੂਲਤ ਦੀ ਘਾਟ ਕਾਰਨ ਪ੍ਰੇਸ਼ਾਨੀ ਦਾ ਜੀਵਨ ਬਤੀਤ ਕਰ ਰਹੇ ਹਨ | ਬੈਂਸ ਨੇ ਦੱਸਿਆ ਕਿ ਕੰਢੀ ਏਰੀਏ ਵਿਚ ਪਲਾਸੀ ਤੋਂ ਬੇਲਾ ਧਿਆਨੀ ਅਤੇ ਬੇਲਾ ਧਿਆਨੀ ਤੋਂ ਕਲਿੱਤਰਾਂ ਤੱਕ ਸਤਲੁਜ ਦਰਿਆ 'ਤੇ ਪੈਂਦੀਆਂ ਕਰੀਕਾਂ 'ਤੇ ਲੱਗਣ ਵਾਲੇ 02 ਪੁਲ ਅਤੇ ਭੱਲੜੀ ਤੋਂ ਮਹਿੰਦਪੁਰ-ਖੇੜਾ-ਕਲਮੋਟ ਤੱਕ ਸਵਾ ਨਦੀ ਤੇ ਲੱਗਣ ਵਾਲੇ 01 ਪੁਲ ਦੇ ਕੰਮ ਦੀ ਪ੍ਰਬੰਧਕੀ ਪ੍ਰਵਾਨਗੀ ਜਾਰੀ ਹੋਣ ਉਪਰੰਤ ਲੋਕ ਨਿਰਮਾਣ ਵਿਭਾਗ ਵਲ਼ੋਂ ਇਨ੍ਹਾਂ ਪੁਲਾਂ ਦੇ ਕੰਮਾਂ ਦਾ ਟੈਂਡਰ ਲਗਾ ਦਿੱਤਾ ਗਿਆ ਸੀ ਅਤੇ 02 ਪੁਲਾਂ ਦਾ ਕੰਮ 32.28 ਕਰੋੜ ਦਾ ਅਲਾਟ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਭੱਲੜੀ ਤੋਂ ਮਹਿੰਦਪੁਰ-ਖੇੜਾ-ਕਲਮੋਟ ਤੱਕ ਲਗਪਗ 35.48 ਕਰੋੜ ਰੁਪਏ ਦੀ ਲਾਗਤ ਨਾਲ ਸਵਾ ਨਦੀ 'ਤੇ ਲੱਗਣ ਵਾਲੇ 01 ਪੁਲ ਦਾ ਟੈਂਡਰ ਪ੍ਰਗਤੀ ਅਧੀਨ ਹੈ |