ਰੂਪਨਗਰ/ਘਨੌਲੀ, 27 ਸਤੰਬਰ (ਸੱਤੀ, ਸੈਣੀ)-ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਅੱਜ ਲੌਦੀ ਮਾਜਰਾ ਤੋਂ ਗੂੰਨੋ ਮਾਜਰਾ ਤੱਕ ਲਗਪਗ 3.62 ਕਿੱਲੋਮੀਟਰ ਲੰਬੀ ਸੜਕ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਕੀਤੀ ਗਈ | ਇਹ ਸ਼ੁਰੂਆਤ ਮਾਸਟਰ ਤਲਵਿੰਦਰ ਸਿੰਘ ਤੋਂ ਰਿਬਨ ਕਟਵਾ ਕੇ ਕੀਤੀ ਗਈ | ਇਸ ਮੌਕੇ ਵਿਧਾਇਕ ਨੇ ਕਿਹਾ ਕਿ ਇਹ ਸੜਕ ਦੋਨੋਂ ਪਿੰਡਾਂ ਦੇ ਵਸਨੀਕਾਂ ਦੀ ਲੰਬੇ ਸਮੇਂ ਦੀ ਮੰਗ ਸੀ, ਜੋ ਹੁਣ ਪੂਰੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰੇਕ ਪਿੰਡ ਦਾ ਵਿਕਾਸ ਯਕੀਨੀ ਬਣਾ ਰਹੀ ਹੈ | ਲੋਕ ਨਿਰਮਾਣ ਵਿਭਾਗ ਦੇ ਜੇ.ਈ. ਬਲਵਿੰਦਰ ਸਿੰਘ ਅਤੇ ਐਸ. ਡੀ. ਓ. ਸੰਜੀਵ ਕੁਮਾਰ ਨੇ ਦੱਸਿਆ ਕਿ ਸੜਕ ਦੇ ਨਿਰਮਾਣ 'ਤੇ ਕੁੱਲ 95 ਲੱਖ ਰੁਪਏ ਦੀ ਲਾਗਤ ਆਵੇਗੀ | ਕੁੱਲ ਲੰਬਾਈ 3.62 ਕਿਲੋਮੀਟਰ ਹੋਵੇਗੀ, ਜਿਸ 'ਚੋਂ ਪਹਿਲਾ 1 ਕਿੱਲੋਮੀਟਰ ਤਿ੍ਵੈਣੀ ਮੰਦਰ ਤੋਂ ਲੋਧੀ ਮਾਜਰਾ ਤੱਕ 18 ਫੁੱਟ ਚੌੜਾ ਤੇ ਬਾਕੀ 2.62 ਕਿੱਲੋਮੀਟਰ ਗੂੰਨੋ ਮਾਜਰਾ ਤੱਕ 10 ਫੁੱਟ ਚੌੜਾ ਬਣਾਇਆ ਜਾਵੇਗਾ | ਵੱਧ ਕੁਆਲਟੀ ਵਾਲੇ ਮਟੀਰੀਅਲ ਨਾਲ ਹਰੇਕ ਪੜਾਅ ਦੀ ਕੰਪੈਕਸ਼ਨ ਤੇ ਕੁਆਲਟੀ ਚੈਕਿੰਗ ਯਕੀਨੀ ਕੀਤੀ ਜਾਵੇਗੀ | ਕੰਮ ਨੂੰ ਦੋ ਮਹੀਨਿਆਂ ਵਿਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ | ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਹੁਣ ਪਹਿਲੀ ਵਾਰ ਸੜਕ ਨਿਰਮਾਣ ਕੰਮ ਦੇ ਨਾਲ ਹੀ ਠੇਕੇਦਾਰ ਨੂੰ ਅਗਲੇ ਪੰਜ ਸਾਲਾਂ ਲਈ ਮੁਰੰਮਤ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪਵੇਗੀ | ਪਹਿਲਾਂ ਸੜਕਾਂ ਬਣ ਤਾਂ ਜਾਂਦੀਆਂ ਸਨ, ਪਰ ਮੁਰੰਮਤ ਦੀ ਅਣਦੇਖੀ ਨਾਲ ਛੇਤੀ ਖਰਾਬ ਹੋ ਜਾਂਦੀਆਂ ਸਨ | ਹੁਣ ਇਹ ਨਵੀਂ ਪ੍ਰਣਾਲੀ ਲੋਕਾਂ ਨੂੰ ਟਿਕਾਊ, ਮਿਆਰੀ ਤੇ ਸੁਚਾਰੂ ਆਵਾਜਾਈ ਵਾਲੀਆਂ ਸੜਕਾਂ ਦੇਣ 'ਚ ਮਦਦਗਾਰ ਸਾਬਤ ਹੋਵੇਗੀ | ਇਸ ਮੌਕੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਮਾਸਟਰ ਜਗਤਾਰ ਸਿੰਘ, ਵਾਈਸ ਪ੍ਰਧਾਨ ਸ਼ਮਸ਼ੇਰ ਸਿੰਘ ਪਟਿਆਲਾ, ਯੂਥ ਪ੍ਰਧਾਨ ਚੇਤਨ ਕਾਲੀਆ, ਸਰਪੰਚ ਵਿਕਰਾਂਤ ਚੌਧਰੀ, ਚੇਅਰਮੈਨ ਸੁਖਦੇਵ ਸਿੰਘ ਮੀਆਂਪੁਰ, ਤਜਿੰਦਰ ਸਿੰਘ ਸੋਨੀ, ਐਡਵੋਕੇਟ ਗੁਰਪ੍ਰੀਤ ਸਿੰਘ, ਸਰਪੰਚ ਮਹਿੰਦਰ ਸਿੰਘ ਬਹਾਦਰਪੁਰ, ਜਸਵੰਤ ਸਿੰਘ ਦਬੁਰਜੀ, ਤਰਲੋਚਨ ਸਿੰਘ, ਰਣਜੀਤ ਸਿੰਘ, ਮਾਸਟਰ ਤਲਬੀਰ ਸਿੰਘ ਤੇ ਹੋਰ ਹਾਜ਼ਰ ਸਨ |