ਨੰਗਲ, 27 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਤਕਨੀਕੀ ਸਿੱਖਿਆਂ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨਮਾਈ ਹੇਠ ਅਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਆਈ. ਟੀ. ਆਈ. ਨੰਗਲ ਵਿਖੇ ਵੱਖ-ਵੱਖ ਟਰੇਡਾਂ ਅਧੀਨ ਕੀਤੇ ਜਾ ਰਹੇ ਕਿੱਤਾ ਮੁੱਖੀ ਕੋਰਸਾ 'ਚ ਦਾਖਲੇ ਦੀ ਆਖਰੀ ਮਿਤੀ 30 ਸਤੰਬਰ ਰੱਖੀ ਗਈ | ਇਸ ਸੰਬੰਧੀ ਆਈ. ਟੀ. ਆਈ. ਨੰਗਲ ਦੇ ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਦੱਸਿਆ ਕਿ ਆਈ. ਟੀ. ਆਈ. 'ਚ ਚੱਲ ਰਹੇ ਵੱਖ-ਵੱਖ ਟਰੇਡਾਂ 'ਚ ਹੁਣ ਤੱਕ ਕਰੀਬ 80 ਫੀਸਦੀ ਦਾਖਲਾ ਪੂਰਾ ਹੋ ਚੁੱਕਾ ਹੈ, ਪਰ ਕੁਝ ਟਰੇਡਾ ਜਿਨ੍ਹਾਂ 'ਚ ਮੁੱਖ ਰੂਪ 'ਚ ਵੈਲਡਰ, ਕਾਰਪੇਂਟਰ, ਮਸੀਨਿਸ਼ਟ, ਡਰਾਫਟਸਮੈਂਨ ਮਕੈਨੀਕਲ, ਮਕੈਨਿਕ ਇਲੈਕਟਿ੍ਕ ਵਹੀਕਲ, ਮਕੈਨਿਕ ਸੀ. ਐੱਨ. ਸੀ. ਅਪਰੇਟਰ, ਸੀਵਿੰਗ ਟੈਕਨਾਲੋਜ਼ੀ, ਸਰਫੇਸ ਅਰਨਾਂਮੈਂਟ ਆਦਿ ਟਰੇਡਾ ਵਿਚ ਕੁਝ ਸੀਟਾਂ ਖਾਲੀ ਹਨ | ਉਨਾਂ ਲੋਕਾਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੌਜਵਾਨ ਲੜਕੇ ਲੜਕੀਆਂ ਨੂੰ ਆਤਮ ਨਿਰਭਰ ਤੇ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਬਹੁਤ ਘੱਟ ਫੀਸ ਤੇ ਕਿੱਤਾ ਮੁੱਖੀ ਕੋਰਸ ਕਰਵਾਏ ਜਾ ਰਹੇ ਹਨ | ਉਨਾਂ ਕਿਹਾ ਕਿ ਸਰਕਾਰ ਵਲੋਂ ਢਾਈ ਲੱਖ ਤੋਂ ਘੱਟ ਆਮਦਨ ਵਾਲੇ ਅਨੁਸੂਚਿਤ ਜਾਤੀ ਉਮੀਦਵਾਰਾ ਦੀ ਫੀਸ ਮੁਆਫ ਕੀਤੀ ਹੈ ਤੇ ਉਨਾਂ ਨੂੰ ਪੋਸਟ ਮੈਰਟਿਕ ਸਕਾਲਰਸ਼ਿਪ ਸਕੀਮ ਅਧੀਨ ਵਜ਼ੀਫਾ ਵੀ ਦਿੱਤਾ ਜਾਦਾ ਹੈ | ਉਨਾਂ ਕਿਹਾ ਕਿ ਇਨ੍ਹਾਂ ਕਿੱਤਾ ਮੁਖੀ ਕੋਰਸਾਂ ਵਿਚ ਦਾਖਲੇ ਲੈ ਕੇ ਨੌਜਵਾਨ ਲੜਕੇ ਲੜਕੀਆਂ ਆਪਣਾ ਭਵਿੱਖ ਸੁਨਹਿਰਾ ਬਣਾ ਸਕਦੇ ਹਨ ਅਤੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਨਾਲ ਨਾਲ ਆਪਣਾ ਸਵੈ ਰੋਜ਼ਗਾਰ ਖੋਲ੍ਹ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰਨ ਲਈ ਕਾਬਿਲ ਬਣ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ 30 ਸਤੰਬਰ ਇਸ ਦਾਖਲੇ ਦੀ ਆਖਰੀ ਤਰੀਕ ਰੱਖੀ ਗਈ ਹੈ, ਇਸ ਲਈ ਜਿਹੜੇ ਨੌਜਵਾਨ ਲੜਕੇ ਲੜਕੀਆਂ ਨੇ ਹੁਣ ਤੱਕ ਕਿਸੇ ਵੀ ਕੋਰਸ ਵਿਚ ਦਾਖਲਾ ਨਹੀਂ ਲਿਆ, ਉਹ ਜਲਦ ਪੰਜਾਬ ਸਰਕਾਰ ਵਲੋਂ ਵਧਾਈ ਗਈ ਤਰੀਕ ਦਾ ਲਾਹਾ ਲੈ ਸਕਦੇ ਹਨ |