ਮੋਰਿੰਡਾ, 27 ਸਤੰਬਰ (ਤਰਲੋਚਨ ਸਿੰਘ ਕੰਗ)-ਬੀਤੇ ਦਿਨੀਂ ਢੋਲਣਮਾਜਰਾ ਚੌਕ ਮੋਰਿੰਡਾ ਨਜਦੀਕ ਮੋਟਰਸਾਈਕਲ ਤੇ ਇਕ ਅਣਪਛਾਤੇ ਵਾਹਨ ਵਿਚਾਲੇ ਹਾਦਸਾ ਵਾਪਰਨ ਉਪਰੰਤ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਏ | ਇਸ ਸੰਬੰਧੀ ਜੋਗਿੰਦਰ ਸਿੰਘ ਬੰਗੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਬਲਵੀਰ ਸਿੰਘ ਪੁੱਤਰ ਰੁਲਦਾ ਸਿੰਘ ਤੇ ਸੁਰਿੰਦਰ ਸਿੰਘ ਪੁੱਤਰ ਕਾਕਾ ਸਿੰਘ ਜਦੋਂ ਤਹਿਸੀਲ ਕੰਪਲੈਕਸ ਮੋਰਿੰਡਾ ਤੋਂ ਆਪਣੇ ਪਿੰਡ ਬੰਗੀਆਂ ਨੂੰ ਮੋਟਰਸਾਈਕਲ 'ਤੇ ਜਾ ਰਹੇ ਸਨ ਤਾਂ ਢੋਲਣਮਾਜਰਾ ਚੌਕ ਨੇੜੇ ਕੋਈ ਅਣਪਛਾਤਾ ਵਾਹਨ ਉਨ੍ਹਾਂ ਨੂੰ ਟੱਕਰ ਮਾਰ ਗਿਆ | ਜਿਸ 'ਚ ਬਲਵੀਰ ਸਿੰਘ ਦੀ ਲੱਤ ਟੁੱਟ ਗਈ ਅਤੇ ਸੁਰਿੰਦਰ ਸਿੰਘ ਦੇ ਸਿਰ 'ਚ ਸੱਟਾਂ ਵੱਜੀਆਂ | ਹਾਈਵੇ ਪੁਲਿਸ ਵਲੋਂ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਰਿੰਡਾ ਵਿਚ ਭੇਜਿਆ ਗਿਆ ਜਿਥੇ ਬਲਵੀਰ ਸਿੰਘ ਨੂੰ ਡਾਕਟਰਾਂ ਨੇ ਇਲਾਜ ਲਈ ਰੋਪੜ ਭੇਜ ਦਿੱਤਾ |