ਰੂਪਨਗਰ, 27 ਸਤੰਬਰ (ਸਤਨਾਮ ਸਿੰਘ ਸੱਤੀ)-ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਰੂਪਨਗਰ 'ਚ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਸਕਰੀਨਿੰਗ ਤੇ ਜਾਗਰੂਕਤਾ ਪ੍ਰੋਗਰਾਮ ਕੀਤਾ | ਇਸ ਦੌਰਾਨ ਬੱਚਿਆਂ ਨੂੰ ''ਚਲੋ ਜੀਤੇ ਹਾਂ'' ਫ਼ਿਲਮ ਦਿਖਾਈ ਗਈ, ਜਿਸ ਰਾਹੀਂ ਉਨ੍ਹਾਂ ਨੂੰ ਜੀਵਨ ਮੁੱਲਾਂ ਤੇ ਸਕਾਰਾਤਮਕ ਦਿ੍ਸ਼ਟੀਕੋਣ ਅਪਣਾਉਣ ਲਈ ਪ੍ਰੇਰਿਤ ਕੀਤਾ | ਸਕੂਲ ਮੈਨੇਜਮੈਂਟ ਵਲੋਂ ਸੂਬਾ ਭੁਪਿੰਦਰ ਸਿੰਘ ਤੇ ਸ੍ਰੀਮਤੀ ਗੁਣਵੰਤ ਕੌਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿਚ ਸਮਾਜਿਕ ਜ਼ਿੰਮੇਵਾਰੀ ਤੇ ਸੰਵੇਦਨਸ਼ੀਲਤਾ ਵਿਕਸਤ ਹੁੰਦੀ ਹੈ | ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਮਾਥੁਰ ਨੇ ਕਿਹਾ ਕਿ ਸਕੂਲ ਸਿਰਫ਼ ਪਾਠਕ੍ਰਮ ਸਿੱਖਿਆ ਨਹੀਂ, ਸਗੋਂ ਜੀਵਨ ਮੁੱਲਾਂ ਤੇ ਨੈਤਿਕ ਸਿੱਖਿਆ 'ਤੇ ਵੀ ਵਿਸ਼ੇਸ਼ ਧਿਆਨ ਦਿੰਦਾ ਹੈ | ਉਪ ਪਿ੍ੰਸੀਪਲ ਭੁਪਿੰਦਰ ਕੌਰ ਨੇ ਬੱਚਿਆਂ ਨੂੰ ਸਕੂਲ ਦੇ ਕਰਮਚਾਰੀਆਂ ਜਿਵੇਂ ਡਰਾਈਵਰ, ਗੇਟਕੀਪਰ ਆਦਿ ਦੀ ਮਹੱਤਵਪੂਰਨ ਭੂਮਿਕਾ ਨਾਲ ਜਾਣੂ ਕਰਵਾਇਆ | ਇਸ ਦੌਰਾਨ ਵਾਤਾਵਰਨ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ | ਬੱਚਿਆਂ ਨੇ ਸੰਕਲਪ ਲਿਆ ਕਿ ਉਹ ਪਰਾਲੀ ਨਾ ਸਾੜਨ ਲਈ ਮਾਤਾ-ਪਿਤਾ ਅਤੇ ਸਮਾਜ ਨੂੰ ਪ੍ਰੇਰਿਤ ਕਰਨਗੇ |